ਨਵੀਂ ਦਿੱਲੀ :- ਦਿੱਲੀ ਯੂਨੀਵਰਸਿਟੀ ਦੇ ਦੋ ਕਾਲਜਾਂ ‘ਚ ਬੁੱਧਵਾਰ ਸਵੇਰੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਰਾਮਜਸ ਕਾਲਜ (ਨੌਰਥ ਕੈਂਪਸ) ਅਤੇ ਦੇਸ਼ ਬੰਧੂ ਕਾਲਜ (ਕਾਲਕਾਜੀ) ਨੂੰ ਬੰਬ ਧਮਾਕੇ ਦੀ ਧਮਕੀ ਭਰੀ ਈਮੇਲ ਪ੍ਰਾਪਤ ਹੋਈ। ਧਮਕੀ ਮਿਲਦਿਆਂ ਹੀ ਦਿੱਲੀ ਪੁਲਿਸ ਅਤੇ ਬੰਬ ਸਕਵਾਇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਪੂਰੇ ਇਲਾਕੇ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ।
ਪੁਲਿਸ ਮੁਤਾਬਕ, ਦੋਵੇਂ ਕਾਲਜਾਂ ਦੀ ਪੂਰੀ ਤਲਾਸ਼ੀ ਲਈ ਗਈ ਹੈ, ਪਰ ਹੁਣ ਤੱਕ ਕਿਸੇ ਵੀ ਸ਼ੱਕੀ ਵਸਤੂ ਦੀ ਬਰਾਮਦਗੀ ਨਹੀਂ ਹੋਈ। ਮਾਮਲੇ ਬਾਰੇ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਸਕੂਲ ਨੂੰ ਵੀ ਮਿਲੀ ਸੀ ਧਮਕੀ
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦਿੱਲੀ ਦੇ ਚਾਣਕਿਆਪੁਰੀ ਸਥਿਤ ਇੱਕ ਪ੍ਰਾਈਵੇਟ ਸਕੂਲ ਨੂੰ ਵੀ ਬੰਬ ਦੀ ਝੂਠੀ ਧਮਕੀ ਮਿਲਣ ਕਾਰਨ ਹੜਕੰਪ ਮਚ ਗਿਆ ਸੀ। ਹਾਲਾਂਕਿ ਪੂਰੀ ਤਲਾਸ਼ੀ ਤੋਂ ਬਾਅਦ ਪੁਲਿਸ ਨੂੰ ਉਸ ਵੇਲੇ ਵੀ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਸੀ।
ਦੋਵੇਂ ਕਾਲਜਾਂ ‘ਚ ਸੁਰੱਖਿਆ ਦੇ ਪ੍ਰਬੰਧ ਹੋਰ ਕੜੇ ਕਰ ਦਿੱਤੇ ਗਏ ਹਨ ਅਤੇ ਪੁਲਿਸ ਧਮਕੀ ਭੇਜਣ ਵਾਲੇ ਦੀ ਪਛਾਣ ਲਈ ਤਕਨੀਕੀ ਜਾਂਚ ਕਰ ਰਹੀ ਹੈ।

