ਨਵੀਂ ਦਿੱਲੀ :- ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਹੈ। ਐਤਵਾਰ ਸਵੇਰੇ 8 ਵਜੇ ਪੁਰਾਣੇ ਰੇਲਵੇ ਪੁਲ ’ਤੇ ਪਾਣੀ ਦਾ ਪੱਧਰ 205.56 ਮੀਟਰ ਦਰਜ ਕੀਤਾ ਗਿਆ, ਜੋ 206 ਮੀਟਰ ਨਿਕਾਸੀ ਨਿਸ਼ਾਨ ਤੋਂ ਹੇਠਾਂ ਹੈ। ਸ਼ਹਿਰ ਲਈ ਚੇਤਾਵਨੀ ਨਿਸ਼ਾਨ 204.50 ਮੀਟਰ ਹੈ, ਜਦਕਿ ਖ਼ਤਰੇ ਦਾ ਨਿਸ਼ਾਨ 205.33 ਮੀਟਰ ’ਤੇ ਨਿਰਧਾਰਤ ਹੈ। 206 ਮੀਟਰ ’ਤੇ ਪਾਣੀ ਪਹੁੰਚਣ ਦੀ ਸਥਿਤੀ ਵਿੱਚ ਲੋਕਾਂ ਦੀ ਸੁਰੱਖਿਅਤ ਥਾਵਾਂ ’ਤੇ ਤਬਦੀਲੀ ਦਾ ਅਮਲ ਸ਼ੁਰੂ ਹੁੰਦਾ ਹੈ।
ਹਥਨੀਕੁੰਡ ਅਤੇ ਵਜ਼ੀਰਾਬਾਦ ਬੈਰਾਜ ਤੋਂ ਨਿਕਾਸ ਜਾਰੀ
ਹਥਨੀਕੁੰਡ ਬੈਰਾਜ ਤੋਂ 51,335 ਕਿਊਸਿਕ ਤੇ ਵਜ਼ੀਰਾਬਾਦ ਬੈਰਾਜ ਤੋਂ ਲਗਭਗ 73,280 ਕਿਊਸਿਕ ਪਾਣੀ ਛੱਡਿਆ ਗਿਆ ਹੈ। ਪਿਛਲੇ ਦਿਨਾਂ ਵਿੱਚ ਵਧੇ ਪਾਣੀ ਕਾਰਨ ਨਦੀ ਦੇ ਕੰਢਿਆਂ ਨਾਲ ਕਈ ਖੇਤਰ ਪਾਣੀ ਵਿੱਚ ਡੁੱਬ ਗਏ ਸਨ। ਨੀਵੇਂ ਇਲਾਕਿਆਂ ਤੋਂ ਕੱਢੇ ਗਏ ਲੋਕਾਂ ਨੂੰ ਦਿੱਲੀ-ਮੇਰਠ ਐਕਸਪ੍ਰੈਸਵੇਅ ਅਤੇ ਮਯੂਰ ਵਿਹਾਰ ਖੇਤਰਾਂ ਵਿੱਚ ਅਸਥਾਈ ਤੰਬੂਆਂ ਵਿੱਚ ਰੱਖਿਆ ਗਿਆ ਹੈ। ਅਧਿਕਾਰੀਆਂ ਮੁਤਾਬਕ, ਬੈਰਾਜਾਂ ਤੋਂ ਛੱਡਿਆ ਪਾਣੀ ਆਮ ਤੌਰ ’ਤੇ 48 ਤੋਂ 50 ਘੰਟਿਆਂ ਵਿੱਚ ਦਿੱਲੀ ਪਹੁੰਚਦਾ ਹੈ।