ਨਵੀਂ ਦਿੱਲੀ :- ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ ਮੰਗਲਵਾਰ ਨੂੰ ਦੂਜਾ ਕਲਾਉਡ ਸੀਡਿੰਗ ਟ੍ਰਾਇਲ ਸਫਲਤਾਪੂਰਵਕ ਪੂਰਾ ਕੀਤਾ ਗਿਆ। ਕਨਪੁਰ ਤੋਂ ਆਏ ਵਿਸ਼ੇਸ਼ ਜਹਾਜ਼ ਨੇ ਬੁਰਾਰੀ, ਖੇਕੜਾ, ਮਯੂਰ ਵਿਹਾਰ, ਨਾਰਥ ਕਰੋਲ ਬਾਗ਼, ਸੜਕਪੁਰ ਅਤੇ ਭੋਜਪੁਰ ਦੇ ਆਸਮਾਨ ਵਿੱਚ ਸੀਡਿੰਗ ਪ੍ਰਕਿਰਿਆ ਕੀਤੀ, ਜਿਸ ਤੋਂ ਬਾਅਦ ਜਹਾਜ਼ ਮੇਰਠ ਵਿੱਚ ਉਤਰੀਆ।
ਕੁਝ ਘੰਟਿਆਂ ‘ਚ ਹੋ ਸਕਦੀ ਕ੍ਰਿਤ੍ਰਿਮ ਵਰਖਾ
ਅਧਿਕਾਰੀਆਂ ਅਨੁਸਾਰ, ਇਲਾਕਿਆਂ ਵਿੱਚ ਹੁਣ ਅਗਲੇ ਕੁਝ ਘੰਟਿਆਂ ਤੱਕ ਵਾਤਾਵਰਣੀ ਨਿਗਰਾਨੀ ਕੀਤੀ ਜਾਵੇਗੀ। ਹਾਲਾਤ ਅਨੁਕੂਲ ਰਹੇ ਤਾਂ ਅੱਜ ਹੀ ਇੱਕ ਹੋਰ ਟ੍ਰਾਇਲ ਵੀ ਕੀਤੇ ਜਾਣ ਦੀ ਸੰਭਾਵਨਾ ਹੈ। ਆਈਆਈਟੀ ਕਨਪੁਰ ਦੇ ਵਿਗਿਆਨੀ ਕਹਿੰਦੇ ਹਨ ਕਿ ਜੇ ਮੌਸਮੀ ਨਮੀ ਬਨੀ ਰਹੀ ਤਾਂ 15 ਮਿੰਟ ਤੋਂ 4 ਘੰਟਿਆਂ ਦੇ ਅੰਦਰ ਮੀਂਹ ਪੈ ਸਕਦਾ ਹੈ।
ਨਤੀਜੇ ਚੰਗੇ ਰਹੇ ਤਾਂ ਲੰਬੀ ਮਿਆਦ ਦਾ ਪਲਾਨ
ਦਿੱਲੀ ਦੇ ਵਾਤਾਵਰਣ ਮੰਤਰੀ ਮੰਜਿੰਦਰ ਸਿੰਘ ਸਿਰਸਾ ਨੇ ਪੁਸ਼ਟੀ ਕੀਤੀ ਕਿ ਜੇ ਇਹ ਟ੍ਰਾਇਲ ਸਫਲ ਰਹਿੰਦਾ ਹੈ ਤਾਂ ਫਰਵਰੀ 2026 ਤੱਕ ਲੰਬੀ ਮਿਆਦ ਵਾਲਾ ਕਲਾਉਡ ਸੀਡਿੰਗ ਪ੍ਰੋਗਰਾਮ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ — “ਮੌਸਮੀ ਹਾਲਾਤਾਂ ਦੇ ਅਧਾਰ ‘ਤੇ ਹਰ ਰੋਜ਼ ਜਾਂ ਇੱਕ ਦਿਨ ਛੱਡ ਕੇ ਕਲਾਉਡ ਸੀਡਿੰਗ ਕੀਤੀ ਜਾਵੇਗੀ।”
ਉੱਤਰੀ-ਪੱਛਮੀ ਦਿੱਲੀ ‘ਤੇ ਫੋਕਸ, ਕੁੱਲ 5 ਟ੍ਰਾਇਲ ਯੋਜਨਾ
ਸਰਕਾਰ ਵੱਲੋਂ ਕੁੱਲ ਪੰਜ ਟ੍ਰਾਇਲ ਕਰਨ ਦਾ ਟਾਰਗਿਟ ਹੈ, ਜਿਨ੍ਹਾਂ ਦਾ ਧਿਆਨ ਉੱਤਰੀ-ਪੱਛਮੀ ਦਿੱਲੀ ‘ਤੇ ਹੋਵੇਗਾ — ਜਿਥੇ ਸਰਦੀ ਮੌਸਮ ਦੌਰਾਨ ਪ੍ਰਦੂਸ਼ਣ ਪੱਧਰ ਸਭ ਤੋਂ ਵੱਧ ਦਰਜ ਹੁੰਦਾ ਹੈ। ਯਾਦ ਰਹੇ ਕਿ ਪਿਛਲੇ ਹਫ਼ਤੇ ਕੀਤਾ ਗਿਆ ਪਹਿਲਾ ਟ੍ਰਾਇਲ ਘੱਟ ਨਮੀ ਕਾਰਨ ਅਸਫਲ ਰਿਹਾ ਸੀ, ਜਦ ਮੌਸਮੀ ਨਮੀ 20% ਤੋਂ ਵੀ ਥੱਲੇ ਸੀ, ਜਦਕਿ ਘੱਟੋ-ਘੱਟ ਲੋੜ 50% ਹੈ।
ਕਲਾਉਡ ਸੀਡਿੰਗ ਕੀ ਹੈ?
ਕਲਾਉਡ ਸੀਡਿੰਗ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਚਾਂਦੀ ਦੇ ਆਇਓਡਾਈਡ ਜਾਂ ਲੂਣ ਆਧਾਰਿਤ ਬਰੀਕ ਕਣ ਬੱਦਲਾਂ ਵਿੱਚ ਛੱਡੇ ਜਾਂਦੇ ਹਨ। ਇਹ ਕਣ ਸੰਘਣੇ ਹੋ ਕੇ ਬੂੰਦਾਂ ਦੀ ਬਣਤਰ ਨੂੰ ਵਧਾਊਂਦੇ ਹਨ, ਜਿਸ ਨਾਲ ਵਰਖਾ ਦੀ ਸੰਭਾਵਨਾ ਵਧਦੀ ਹੈ।

