ਨਵੀਂ ਦਿੱਲੀ :- ਰਾਜਧਾਨੀ ਦਿੱਲੀ ਦੀ ਹਵਾ ਹੁਣ ਸਿਰਫ਼ ਸਾਹ ਲੈਣ ਲਈ ਔਖੀ ਨਹੀਂ ਰਹੀ, ਸਗੋਂ ਸਿਹਤ ਲਈ ਇੱਕ ਗੰਭੀਰ ਅਣਦੇਖਿਆ ਖ਼ਤਰਾ ਵੀ ਬਣਦੀ ਜਾ ਰਹੀ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਕੂਲ ਆਫ਼ ਇਨਵਾਇਰਨਮੈਂਟਲ ਸਾਇੰਸਿਜ਼ ਵੱਲੋਂ ਕੀਤੀ ਗਈ ਤਾਜ਼ਾ ਵਿਗਿਆਨਕ ਪੜਚੋਲ ਵਿੱਚ ਇਹ ਸਾਹਮਣੇ ਆਇਆ ਹੈ ਕਿ ਸ਼ਹਿਰ ਦੀ ਹਵਾ ਵਿੱਚ ਐਂਟੀਬਾਇਓਟਿਕ ਦਵਾਈਆਂ ਤੋਂ ਪ੍ਰਭਾਵ ਰਹਿਤ ਬੈਕਟੀਰੀਆ ਖ਼ਤਰਨਾਕ ਪੱਧਰ ਤੱਕ ਮੌਜੂਦ ਹਨ।
ਸਰਦੀਆਂ ’ਚ ਵਧਦਾ ਹੈ ਬੈਕਟੀਰੀਆ ਦਾ ਅਸਰ
ਖੋਜ ਅਨੁਸਾਰ ਖ਼ਾਸ ਕਰਕੇ ਸਰਦੀ ਦੇ ਮੌਸਮ ਦੌਰਾਨ ਹਵਾ ਵਿੱਚ ਬੈਕਟੀਰੀਆ ਦੀ ਮਾਤਰਾ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਹੈ, ਜਿਸ ਨਾਲ ਸਾਹ ਸੰਬੰਧੀ ਬਿਮਾਰੀਆਂ ਅਤੇ ਇਨਫੈਕਸ਼ਨ ਦਾ ਜੋਖਮ ਕਈ ਗੁਣਾ ਵਧ ਜਾਂਦਾ ਹੈ। ਅਧਿਐਨ ਦੌਰਾਨ ਪਤਾ ਲੱਗਿਆ ਕਿ ਦਿੱਲੀ ਦੇ ਕਈ ਇਲਾਕਿਆਂ ਦੀ ਹਵਾ ਵਿੱਚ ਸਟੈਫੀਲੋਕੋਕਾਈ ਕਿਸਮ ਦੇ ਬੈਕਟੀਰੀਆ ਵੱਡੀ ਗਿਣਤੀ ਵਿੱਚ ਮੌਜੂਦ ਹਨ, ਜੋ ਆਮ ਐਂਟੀਬਾਇਓਟਿਕ ਦਵਾਈਆਂ ’ਤੇ ਅਸਰ ਨਹੀਂ ਕਰਦੇ।
ਦਵਾਈਆਂ ਬੇਅਸਰ, ਇਲਾਜ ਬਣਦਾ ਜਾ ਰਿਹਾ ਮੁਸ਼ਕਲ
ਖੋਜ ਟੀਮ ਦੀ ਅਗਵਾਈ ਕਰਨ ਵਾਲੀ ਵਿਗਿਆਨੀ ਮਾਧੁਰੀ ਸਿੰਘ ਨੇ ਦੱਸਿਆ ਕਿ ਜਾਂਚ ਲਈ ਇਕੱਠੇ ਕੀਤੇ ਗਏ ਬੈਕਟੀਰੀਆ ਦੇ ਨਮੂਨਿਆਂ ਵਿੱਚ ਵੱਡੀ ਗਿਣਤੀ ਐਸੀ ਸੀ, ਜੋ ਘੱਟੋ-ਘੱਟ ਇੱਕ ਐਂਟੀਬਾਇਓਟਿਕ ਦਵਾਈ ਤੋਂ ਪ੍ਰਭਾਵਿਤ ਨਹੀਂ ਹੋ ਰਹੀ ਸੀ। ਇਸ ਤੋਂ ਇਲਾਵਾ ਕਈ ਬੈਕਟੀਰੀਆ ਇੱਕ ਤੋਂ ਵੱਧ ਦਵਾਈਆਂ ਦੇ ਖ਼ਿਲਾਫ਼ ਰੋਕ ਸਮਰੱਥਾ ਰੱਖਦੇ ਪਾਏ ਗਏ, ਜੋ ਚਿਕਿਤਸਾ ਲਈ ਚਿੰਤਾਜਨਕ ਸੰਕੇਤ ਹੈ।
ਹਵਾ ਦੇ ਕਣ ਬਣ ਰਹੇ ਹਨ ਵਾਹਕ
ਮਾਹਿਰਾਂ ਮੁਤਾਬਕ ਹਵਾ ਵਿੱਚ ਮੌਜੂਦ ਪੀਐਮ-2.5 ਅਤੇ ਪੀਐਮ-10 ਜਿਹੇ ਬਰੀਕ ਪ੍ਰਦੂਸ਼ਣ ਕਣ ਇਨ੍ਹਾਂ ਬੈਕਟੀਰੀਆ ਨੂੰ ਆਪਣੇ ਨਾਲ ਚਿਪਕਾ ਕੇ ਦੂਰ-ਦੂਰ ਤੱਕ ਫੈਲਾਉਂਦੇ ਹਨ। ਇਸ ਕਾਰਨ ਇਹ ਜੀਵਾਣੂ ਸਿੱਧੇ ਮਨੁੱਖੀ ਸਾਹ ਪ੍ਰਣਾਲੀ ਤੱਕ ਪਹੁੰਚ ਸਕਦੇ ਹਨ।
ਇਨ੍ਹਾਂ ਇਲਾਕਿਆਂ ’ਚ ਸਥਿਤੀ ਸਭ ਤੋਂ ਗੰਭੀਰ
ਅਧਿਐਨ ਲਈ ਮੁਨੀਰਕਾ ਮਾਰਕੀਟ, ਵਸੰਤ ਵਿਹਾਰ ਨੇੜਲੇ ਝੁੱਗੀ-ਝੋਪੜੀ ਇਲਾਕੇ, ਮੁਨੀਰਕਾ ਅਪਾਰਟਮੈਂਟ ਅਤੇ ਜੇਐੱਨਯੂ ਕੈਂਪਸ ਤੋਂ ਹਵਾ ਦੇ ਨਮੂਨੇ ਇਕੱਠੇ ਕੀਤੇ ਗਏ। ਸਭ ਤੋਂ ਵੱਧ ਬੈਕਟੀਰੀਆ ਭੀੜਭਾੜ ਅਤੇ ਘੱਟ ਸਫ਼ਾਈ ਵਾਲੇ ਇਲਾਕਿਆਂ ’ਚ ਦਰਜ ਕੀਤੇ ਗਏ, ਜਦਕਿ ਘੱਟ ਆਬਾਦੀ ਵਾਲੇ ਖੇਤਰਾਂ ’ਚ ਇਸਦਾ ਪੱਧਰ ਨਿਸ਼ਚਿਤ ਤੌਰ ’ਤੇ ਘੱਟ ਸੀ।
ਡਬਲਿਊਐਚਓ ਦੀ ਹੱਦ ਤੋਂ ਕਈ ਗੁਣਾ ਉਪਰ ਪੱਧਰ
ਰਿਪੋਰਟ ਅਨੁਸਾਰ ਦਿੱਲੀ ਦੀ ਹਵਾ ਵਿੱਚ ਬੈਕਟੀਰੀਆ ਦੀ ਮਾਤਰਾ ਵਿਸ਼ਵ ਸਿਹਤ ਸੰਗਠਨ ਵੱਲੋਂ ਨਿਰਧਾਰਤ ਸੁਰੱਖਿਅਤ ਹੱਦ ਤੋਂ ਕਈ ਗੁਣਾ ਵੱਧ ਪਾਈ ਗਈ। ਇਹ ਹਾਲਾਤ ਬਜ਼ੁਰਗਾਂ, ਬੱਚਿਆਂ, ਕਮਜ਼ੋਰ ਰੋਗ-ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਅਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਵੱਡਾ ਖ਼ਤਰਾ ਬਣ ਸਕਦੇ ਹਨ।
ਮਾਹਿਰਾਂ ਦੀ ਚੇਤਾਵਨੀ ਤੇ ਸੁਝਾਅ
ਵਿਗਿਆਨੀਆਂ ਅਤੇ ਸਿਹਤ ਮਾਹਿਰਾਂ ਨੇ ਅਪੀਲ ਕੀਤੀ ਹੈ ਕਿ ਐਂਟੀਬਾਇਓਟਿਕ ਦਵਾਈਆਂ ਬਿਨਾਂ ਡਾਕਟਰੀ ਸਲਾਹ ਦੇ ਨਾ ਲਈਆਂ ਜਾਣ ਅਤੇ ਦਵਾਈ ਦਾ ਕੋਰਸ ਅਧੂਰਾ ਨਾ ਛੱਡਿਆ ਜਾਵੇ। ਇਸਦੇ ਨਾਲ ਹੀ ਦਵਾਈਆਂ ਦੇ ਸਹੀ ਨਿਪਟਾਰੇ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਵੀ ਗੰਭੀਰ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ’ਚ ਦਿੱਲੀ ਦੀ ਹਵਾ ਸਿਹਤ ਲਈ ਹੋਰ ਵੀ ਵੱਡੀ ਚੁਣੌਤੀ ਬਣ ਸਕਦੀ ਹੈ।

