ਨਵੀਂ ਦਿੱਲੀ :- ਦਿੱਲੀ ਵਿੱਚ ਅਪਰਾਧੀਆਂ ਖ਼ਿਲਾਫ਼ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬੀਤੀ ਰਾਤ ਵੱਡੀ ਅਤੇ ਨਿਰਣਾਇਕ ਕਾਰਵਾਈ ਕੀਤੀ। ਵੱਖ-ਵੱਖ ਇਲਾਕਿਆਂ ਵਿੱਚ ਹੋਏ ਦੋ ਪੁਲਿਸ ਮੁਕਾਬਲਿਆਂ ਦੌਰਾਨ ਇੱਕ ਖ਼ਤਰਨਾਕ ਗੈਂਗਸਟਰ ਨੂੰ ਜ਼ਖਮੀ ਕਰਕੇ ਕਾਬੂ ਕੀਤਾ ਗਿਆ, ਜਦਕਿ ਦੋ ਹੋਰ ਮੋਸਟ-ਵਾਂਟੇਡ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਬਵਾਨਾ ’ਚ ਪਹਿਲਾ ਮੁਕਾਬਲਾ, ਗੈਂਗ ਮੈਂਬਰ ਅੰਕਿਤ ਜ਼ਖਮੀ
ਪਹਿਲੀ ਕਾਰਵਾਈ ਦਿੱਲੀ ਦੇ ਬਵਾਨਾ ਖੇਤਰ ਵਿੱਚ ਅੰਜਾਮ ਦਿੱਤੀ ਗਈ, ਜਿੱਥੇ ਸਪੈਸ਼ਲ ਸੈੱਲ ਦੀ ਟੀਮ ਦਾ ਸਾਹਮਣਾ ਰਾਜੇਸ਼ ਬਵਾਨੀਆ ਗੈਂਗ ਨਾਲ ਜੁੜੇ ਸਰਗਰਮ ਮੈਂਬਰ ਅੰਕਿਤ ਮਾਨ ਨਾਲ ਹੋਇਆ। ਪੁਲਿਸ ਦੇ ਮੁਤਾਬਕ, ਟੀਮ ਨੂੰ ਦੇਖਦੇ ਹੀ ਅਪਰਾਧੀਆਂ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ’ਤੇ ਪੁਲਿਸ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਅੰਕਿਤ ਮਾਨ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਅਤੇ ਉਸਨੂੰ ਕਾਬੂ ਕਰ ਲਿਆ ਗਿਆ।
ਮੁਕਾਬਲੇ ਦੌਰਾਨ ਕਾਂਸਟੇਬਲ ਵੀ ਜ਼ਖਮੀ
ਇਸ ਗੋਲੀਬਾਰੀ ਦੌਰਾਨ ਦਿੱਲੀ ਪੁਲਿਸ ਦਾ ਇੱਕ ਕਾਂਸਟੇਬਲ ਵੀ ਜ਼ਖਮੀ ਹੋਇਆ, ਜਿਸਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ। ਅਧਿਕਾਰੀਆਂ ਅਨੁਸਾਰ ਦੋਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਗਾਜ਼ੀਪੁਰ ’ਚ ਦੂਜੀ ਕਾਰਵਾਈ, ਦੋ ਮੋਸਟ-ਵਾਂਟੇਡ ਗ੍ਰਿਫ਼ਤਾਰ
ਰਾਤ ਦੀ ਦੂਜੀ ਵੱਡੀ ਕਾਰਵਾਈ ਗਾਜ਼ੀਪੁਰ ਇਲਾਕੇ ਵਿੱਚ ਕੀਤੀ ਗਈ, ਜਿੱਥੇ ਸਪੈਸ਼ਲ ਸੈੱਲ ਨੇ ਸੁਚਨਾ ਦੇ ਆਧਾਰ ’ਤੇ ਘੇਰਾਬੰਦੀ ਕਰਕੇ ਦੋ ਖ਼ਤਰਨਾਕ ਅਪਰਾਧੀਆਂ ਨੂੰ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਕਾਬੂ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਜਾਫਰਾਬਾਦ ਦੇ ਰਹਿਣ ਵਾਲੇ ਅਮੀਨ ਅਤੇ ਮੁਹੰਮਦ ਦਾਨਿਸ਼ ਵਜੋਂ ਹੋਈ ਹੈ, ਜੋ ਲੰਮੇ ਸਮੇਂ ਤੋਂ ਪੁਲਿਸ ਦੀ ਵਾਂਟਿਡ ਸੂਚੀ ਵਿੱਚ ਸ਼ਾਮਲ ਸਨ।
ਹਥਿਆਰ ਬਰਾਮਦ, ਵੱਡੀ ਵਾਰਦਾਤ ਦੀ ਯੋਜਨਾ ਨਾਕਾਮ
ਤਲਾਸ਼ੀ ਦੌਰਾਨ ਦੋਹਾਂ ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ ਅਤੇ ਗਿਆਰਾਂ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਸਪੈਸ਼ਲ ਸੈੱਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅਪਰਾਧੀ ਦਿੱਲੀ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ, ਪਰ ਸਮੇਂ ਸਿਰ ਕੀਤੀ ਗਈ ਪੁਲਿਸ ਕਾਰਵਾਈ ਨਾਲ ਉਨ੍ਹਾਂ ਦੇ ਮਨਸੂਬਿਆਂ ’ਤੇ ਪਾਣੀ ਫਿਰ ਗਿਆ।
ਜਾਂਚ ਜਾਰੀ, ਅਪਰਾਧੀ ਨੈੱਟਵਰਕ ਦੀ ਖੰਗਾਲ
ਪੁਲਿਸ ਵੱਲੋਂ ਦੋਹਾਂ ਮੁਕਾਬਲਿਆਂ ਨਾਲ ਜੁੜੇ ਮਾਮਲਿਆਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਅਪਰਾਧੀਆਂ ਦੇ ਸੰਪਰਕਾਂ ਅਤੇ ਗੈਂਗ ਨੈੱਟਵਰਕ ਬਾਰੇ ਵੀ ਗਹਿਰਾਈ ਨਾਲ ਪੁੱਛਗਿੱਛ ਜਾਰੀ ਹੈ।

