ਨਵੀਂ ਦਿੱਲੀ :- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵੱਡਾ ਤਕਨੀਕੀ ਝਟਕਾ ਲੱਗਿਆ, ਜਦੋਂ ਏਅਰ ਟ੍ਰੈਫਿਕ ਕੰਟਰੋਲ ਦਾ ਸਰਵਰ ਅਚਾਨਕ ਬੰਦ ਹੋ ਗਿਆ। ਸਿਸਟਮ ਫੇਲ੍ਹ ਹੋਣ ਕਾਰਨ ਉਡਾਣਾਂ ਦੇ ਟੇਕ ਆਫ਼ ਅਤੇ ਲੈਂਡਿੰਗ ਦੋਵੇਂ ਹੀ ਪ੍ਰਭਾਵਿਤ ਹੋ ਗਏ।
ਯਾਤਰੀਆਂ ਨੂੰ ਘੰਟਿਆਂ ਦੀ ਉਡੀਕ, ਸੌ ਤੋਂ ਵੱਧ ਫਲਾਈਟਾਂ ਪ੍ਰਭਾਵਿਤ
ਸਰਵਰ ਖਰਾਬੀ ਦਾ ਅਸਰ ਐਨਾ ਵੱਡਾ ਰਿਹਾ ਕਿ ਸੌ ਤੋਂ ਵੱਧ ਉਡਾਣਾਂ ਦੇ ਸਮੇਂ ਵਿਚ ਵਿਲੰਬ ਹੋਇਆ। ਬੋਰਡਿੰਗ ਗੇਟਾਂ ਅਤੇ ਵੇਟਿੰਗ ਲਾਉਂਜਾਂ ਵਿੱਚ ਯਾਤਰੀਆਂ ਦੀ ਭੀੜ ਜਮ ਗਈ। ਕਈ ਯਾਤਰੀ ਆਪਣੇ ਸ਼ਡਿਊਲ ਖਰਾਬ ਹੋਣ ਕਾਰਨ ਨਾਰਾਜ਼ ਵੀ ਦਿਖਾਈ ਦਿੱਤੇ।
ATC ਅਤੇ DIAL ਟੀਮ ਮੌਕੇ ‘ਤੇ, ਤਕਨੀਕੀ ਖਰਾਬੀ ਦੂਰ ਕਰਨ ਦੀ ਕੋਸ਼ਿਸ਼
ਏਅਰ ਟ੍ਰੈਫਿਕ ਕੰਟਰੋਲ ਦੀ ਟੀਮ ਨੇ ਕਿਹਾ ਕਿ ਉਹ DIAL ਸਮੇਤ ਸਾਰੇ ਵਿਭਾਗਾਂ ਨਾਲ ਮਿਲ ਕੇ ਸਮੱਸਿਆ ਦੂਰ ਕਰਨ ਲਈ ਕੰਮ ਕਰ ਰਹੀ ਹੈ। ਵਿਸ਼ੇਸ਼ ਤਕਨੀਕੀ ਟੀਮਾਂ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ ਹੈ, ਜਦਕਿ ਪ੍ਰਬੰਧਨ ਨੇ ਉਡਾਣਾਂ ਦੇ ਸ਼ਡਿਊਲ ਦੁਬਾਰਾ ਸੈਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਉਡਾਣਾਂ ਵਿੱਚ ਔਸਤ 50 ਮਿੰਟ ਦੀ ਦੇਰੀ, ਏਅਰਲਾਈਨਾਂ ਨੇ ਕੀਤੀ ਅਪੀਲ
ਤਾਜ਼ਾ ਜਾਣਕਾਰੀ ਮੁਤਾਬਕ, ਉਡਾਣਾਂ ਦੇ ਰਵਾਨਾ ਹੋਣ ਵਿੱਚ ਔਸਤ 45 ਤੋਂ 50 ਮਿੰਟ ਦੀ ਦੇਰੀ ਹੋ ਰਹੀ ਹੈ। ਏਅਰਲਾਈਨਾਂ ਨੇ ਯਾਤਰੀਆਂ ਨੂੰ ਸ਼ਾਂਤ ਰਹਿਣ ਅਤੇ ਤਾਜ਼ਾ ਅੱਪਡੇਟ ਲਈ ਮੋਬਾਈਲ ਐਪ ਜਾਂ ਵੈੱਬਸਾਈਟ ‘ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਹੈ।

