ਨਵੀਂ ਦਿੱਲੀ :- ਦਿੱਲੀ ਕੈਂਟ ਪੁਲਿਸ ਸਟੇਸ਼ਨ ਖੇਤਰ ਵਿੱਚ ਹੋਏ ਹਾਦਸੇ ‘ਚ ਵਿੱਤ ਮੰਤਰਾਲੇ ਦੇ ਡਿਪਟੀ ਸੈਕਟਰੀ ਨਵਜੋਤ ਸਿੰਘ ਦੀ ਮੌਤ ਮਗਰੋਂ ਪੁਲਿਸ ਨੇ ਦੋਸ਼ੀ ਔਰਤ ਗਗਨਪ੍ਰੀਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰੂਗ੍ਰਾਮ ਦੀ ਰਹਿਣ ਵਾਲੀ ਦੋਸ਼ਣ ਨੂੰ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਮਿਲੀ, ਜਿਸ ਤੋਂ ਬਾਅਦ ਉਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਮੋਟਰਸਾਈਕਲ ਤੇ ਘਰ ਵਾਪਸੀ ਦੌਰਾਨ ਵਾਪਰਿਆ ਹਾਦਸਾ
ਐਤਵਾਰ ਦੁਪਹਿਰ ਨਵਜੋਤ ਸਿੰਘ ਆਪਣੀ ਪਤਨੀ ਨਾਲ ਮੋਟਰਸਾਈਕਲ ਰਾਹੀਂ ਜਨਕਪੁਰੀ ਸਥਿਤ ਘਰ ਵਾਪਸ ਆ ਰਹੇ ਸਨ। ਇਸ ਦੌਰਾਨ ਰਿੰਗ ਰੋਡ ਉੱਤੇ ਦਿੱਲੀ ਛਾਉਣੀ ਮੈਟਰੋ ਸਟੇਸ਼ਨ ਨੇੜੇ ਇੱਕ ਤੇਜ਼ ਰਫ਼ਤਾਰ ਬੀਐਮਡਬਲਯੂ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਨਵਜੋਤ ਸਿੰਘ ਦੀ ਮੌਤ ਹੋ ਗਈ ਜਦੋਂਕਿ ਉਸਦੀ ਪਤਨੀ ਜ਼ਖਮੀ ਹੋ ਗਈ।
ਤਿੰਨ ਹੋਰ ਵੀ ਜ਼ਖਮੀ, ਪੁਲਿਸ ਵੱਲੋਂ ਕੇਸ ਦਰਜ
ਪੁਲਿਸ ਮੁਤਾਬਕ, ਇਸ ਹਾਦਸੇ ਵਿੱਚ ਨਵਜੋਤ ਸਿੰਘ ਦੀ ਪਤਨੀ ਸਮੇਤ ਤਿੰਨ ਹੋਰ ਲੋਕ ਵੀ ਜ਼ਖਮੀ ਹੋਏ ਹਨ। ਮ੍ਰਿਤਕ ਦੀ ਪਛਾਣ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵਿੱਚ ਡਿਪਟੀ ਸੈਕਟਰੀ ਨਵਜੋਤ ਸਿੰਘ (52), ਨਿਵਾਸੀ ਹਰੀ ਨਗਰ ਵਜੋਂ ਹੋਈ ਹੈ।
ਮੈਟਰੋ ਪਿੱਲਰ ਨੇੜੇ ਟ੍ਰੈਫਿਕ ਜਾਮ ਦੀਆਂ ਕਾਲਾਂ ਮਿਲਣ ‘ਤੇ ਪੁਲਿਸ ਪਹੁੰਚੀ
ਧੌਲਾ ਕੁਆਂ–ਦਿੱਲੀ ਛਾਉਣੀ ਮੈਟਰੋ ਸਟੇਸ਼ਨ ਰੂਟ ‘ਤੇ ਮੈਟਰੋ ਪਿੱਲਰ ਨੰਬਰ 67 ਨੇੜੇ ਦੁਪਹਿਰ ਵੇਲੇ ਟ੍ਰੈਫਿਕ ਜਾਮ ਬਾਰੇ ਤਿੰਨ PCR ਕਾਲਾਂ ਪੁਲਿਸ ਨੂੰ ਪ੍ਰਾਪਤ ਹੋਈਆਂ। ਟੀਮ ਜਦੋਂ ਮੌਕੇ ‘ਤੇ ਪਹੁੰਚੀ ਤਾਂ ਸੜਕ ਦੇ ਇੱਕ ਪਾਸੇ ਬੀਐਮਡਬਲਯੂ ਕਾਰ ਖੜ੍ਹੀ ਮਿਲੀ, ਜਦੋਂਕਿ ਸੜਕ ਡਿਵਾਈਡਰ ਕੋਲ ਇੱਕ ਮੋਟਰਸਾਈਕਲ ਖੜ੍ਹੀ ਸੀ।
ਜਾਂਚ ਜਾਰੀ
ਦਿੱਲੀ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਹੈ ਕਿ ਹਾਦਸੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਔਰਤ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।