ਨਵੀਂ ਦਿੱਲੀ :- ਦਿੱਲੀ ਦੇ ਸ਼ਾਲੀਮਾਰ ਬਾਗ ਇਲਾਕੇ ਵਿੱਚ ਸ਼ਨੀਚਰਵਾਰ ਸਵੇਰੇ ਦਿਨ ਦਿਹਾੜੇ ਹੋਈ ਗੋਲਾਬਾਰੀ ਨੇ ਸ਼ਹਿਰ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਇੱਥੇ 44 ਸਾਲਾ ਮਹਿਲਾ ਨੂੰ ਬਿਲਕੁਲ ਨੇੜੇ ਤੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਚਨਾ ਯਾਦਵ ਵਜੋਂ ਹੋਈ ਹੈ, ਜੋ ਆਪਣੇ ਇਲਾਕੇ ਦੀ ਰੈਜ਼ੀਡੈਂਟ ਵੈਲਫੇਅਰ ਅਸੋਸੀਏਸ਼ਨ (RWA) ਦੀ ਪ੍ਰਧਾਨ ਸੀ। ਗੋਲੀ ਸਿਰ ‘ਚ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
PCR ਕਾਲ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ
ਪੁਲਿਸ ਮੁਤਾਬਕ ਸਵੇਰੇ ਕਰੀਬ 10 ਵਜੇ 59 ਮਿੰਟ ‘ਤੇ ਸ਼ਾਲੀਮਾਰ ਬਾਗ ਥਾਣੇ ਨੂੰ PCR ਕਾਲ ਮਿਲੀ ਕਿ ਇਕ ਔਰਤ ਨੂੰ ਗੋਲੀ ਮਾਰ ਦਿੱਤੀ ਗਈ ਹੈ। ਮੌਕੇ ‘ਤੇ ਪਹੁੰਚੀ ਟੀਮ ਨੇ ਰਚਨਾ ਯਾਦਵ ਨੂੰ ਸੜਕ ‘ਤੇ ਖੂਨ ਨਾਲ ਲੱਥਪੱਥ ਪਿਆ ਹੋਇਆ ਪਾਇਆ। ਮੌਕੇ ਤੋਂ ਇਕ ਖਾਲੀ ਕਾਰਤੂਸ ਵੀ ਬਰਾਮਦ ਕੀਤਾ ਗਿਆ ਹੈ।
ਪਤੀ ਦੇ ਕਤਲ ਮਾਮਲੇ ‘ਚ ਮੁੱਖ ਗਵਾਹ ਸੀ ਰਚਨਾ
ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਰਚਨਾ ਯਾਦਵ ਦੇ ਪਤੀ ਵਿਜੇਂਦਰ ਯਾਦਵ ਦੀ ਸਾਲ 2023 ਵਿੱਚ ਜਹਾਂਗੀਰਪੁਰੀ ਇਲਾਕੇ ‘ਚ ਹੱਤਿਆ ਹੋਈ ਸੀ। ਇਸ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਅਜੇ ਚੱਲ ਰਹੀ ਹੈ ਅਤੇ ਰਚਨਾ ਉਸ ਕੇਸ ਦੀ ਮੁੱਖ ਗਵਾਹ ਸੀ। ਪੁਲਿਸ ਨੂੰ ਸ਼ੱਕ ਹੈ ਕਿ ਉਸ ਦੀ ਹੱਤਿਆ ਦਾ ਸਬੰਧ ਸਿੱਧੇ ਤੌਰ ‘ਤੇ ਇਸੇ ਕੇਸ ਨਾਲ ਹੈ ਅਤੇ ਇਹ ਕਦਮ ਗਵਾਹਾਂ ਨੂੰ ਡਰਾਉਣ ਲਈ ਚੁੱਕਿਆ ਗਿਆ।
ਪੁਰਾਣੀ ਦੁਸ਼ਮਣੀ ਬਣੀ ਸੀ ਕਤਲ ਦੀ ਵਜ੍ਹਾ
ਪੁਲਿਸ ਦੇ ਸੀਨੀਅਰ ਅਧਿਕਾਰੀ ਅਨੁਸਾਰ ਵਿਜੇਂਦਰ ਯਾਦਵ ਦਾ ਕਤਲ ਪੁਰਾਣੀ ਰੰਜਿਸ਼ ਦੇ ਚਲਦੇ ਹੋਇਆ ਸੀ। ਉਸ ਕੇਸ ਵਿੱਚ ਭਰਤ ਯਾਦਵ ਸਮੇਤ ਛੇ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ। ਪੰਜ ਦੋਸ਼ੀ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਟ੍ਰਾਇਲ ਦਾ ਸਾਹਮਣਾ ਕਰ ਰਹੇ ਹਨ, ਜਦਕਿ ਮੁੱਖ ਦੋਸ਼ੀ ਭਰਤ ਯਾਦਵ ਹਾਲੇ ਤੱਕ ਫਰਾਰ ਹੈ ਅਤੇ ਉਸ ਨੂੰ ਘੋਸ਼ਿਤ ਅਪਰਾਧੀ ਕਰਾਰ ਦਿੱਤਾ ਗਿਆ ਹੈ।
CCTV ‘ਚ ਕੈਦ ਹੋਇਆ ਹਮਲਾਵਰ
ਪੁਲਿਸ ਨੂੰ ਨੇੜਲੇ ਇਲਾਕੇ ਤੋਂ CCTV ਫੁਟੇਜ ਮਿਲੀ ਹੈ, ਜਿਸ ਵਿੱਚ ਕਤਲ ਕਰਨ ਵਾਲਾ ਸ਼ਖ਼ਸ ਨਜ਼ਰ ਆ ਰਿਹਾ ਹੈ। ਜਾਂਚ ਮੁਤਾਬਕ ਹਮਲਾਵਰ ਦਾ ਸਾਥੀ ਨੇੜੇ ਹੀ ਦਿੱਲੀ ਨੰਬਰ ਦੀ ਸਪੋਰਟਸ ਬਾਈਕ ‘ਤੇ ਖੜਾ ਸੀ, ਜਿਸ ‘ਤੇ ਦੋਵੇਂ ਵਾਰਦਾਤ ਤੋਂ ਬਾਅਦ ਤੁਰੰਤ ਫ਼ਰਾਰ ਹੋ ਗਏ।
ਨਾਮ ਪੁੱਛ ਕੇ ਮਾਰੀ ਗੋਲੀ
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਰਚਨਾ ਯਾਦਵ ਪੜੋਸੀ ਦੇ ਘਰੋਂ ਵਾਪਸ ਆ ਰਹੀ ਸੀ, ਜਦੋਂ ਦੋ ਨੌਜਵਾਨਾਂ ਨੇ ਉਸਨੂੰ ਰੋਕਿਆ। ਇੱਕ ਨੇ ਪਹਿਲਾਂ ਉਸ ਦਾ ਨਾਮ ਪੁੱਛਿਆ ਅਤੇ ਪਛਾਣ ਪੱਕੀ ਹੋਣ ਮਗਰੋਂ ਪਿਸਤੌਲ ਕੱਢ ਕੇ ਸਿਰ ‘ਚ ਗੋਲੀ ਮਾਰ ਦਿੱਤੀ। ਸ਼ੁਰੂਆਤੀ ਤਫ਼ਤੀਸ਼ ਤੋਂ ਸਪੱਸ਼ਟ ਹੈ ਕਿ ਹਮਲਾ ਪੂਰੀ ਤਰ੍ਹਾਂ ਯੋਜਨਾ ਬੱਧ ਸੀ ਅਤੇ ਹਮਲਾਵਰਾਂ ਨੂੰ ਉਸ ਦੀ ਪਛਾਣ ਬਾਰੇ ਪੂਰੀ ਜਾਣਕਾਰੀ ਸੀ।
ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਜਲਦ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

