ਨਵੀਂ ਦਿੱਲੀ :- ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ ਇਲਾਕੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਅਚਾਨਕ ਭਿਆਨਕ ਅੱਗ ਭੜਕ ਉਠੀ। ਅੱਗ ਨੇ ਕੁਝ ਹੀ ਸਮੇਂ ਵਿੱਚ ਪੂਰੀ ਮੰਜ਼ਿਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਨਾਲ ਇੱਕ ਹੀ ਪਰਿਵਾਰ ਦੀ ਤਿੰਨ ਜਾਨਾਂ ਚਲੀ ਗਈਆਂ।
ਪੰਜਵੀਂ ਮੰਜ਼ਿਲ ਬਣੀ ਮੌਤ ਦਾ ਫੰਦਾ
ਦਿੱਲੀ ਫਾਇਰ ਸਰਵਿਸ ਮੁਤਾਬਕ ਰਾਤ ਕਰੀਬ ਢਾਈ ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ ਡੀਐਮਆਰਸੀ ਦੇ ਰਿਹਾਇਸ਼ੀ ਕੰਪਲੈਕਸ ਦੀ ਪੰਜਵੀਂ ਮੰਜ਼ਿਲ ’ਤੇ ਸਥਿਤ ਇਕ ਫਲੈਟ ਵਿੱਚ ਲੱਗੀ ਹੋਈ ਸੀ। ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਲੰਮੇ ਸਮੇਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ।
ਧੂੰਏਂ ਅਤੇ ਅੱਗ ’ਚ ਘਿਰਿਆ ਪਰਿਵਾਰ ਨਹੀਂ ਬਚ ਸਕਿਆ
ਅੱਗ ਬੁਝਣ ਮਗਰੋਂ ਜਦੋਂ ਪੁਲਿਸ ਅਤੇ ਬਚਾਅ ਟੀਮਾਂ ਨੇ ਅੰਦਰ ਦਾਖ਼ਲ ਹੋ ਕੇ ਤਲਾਸ਼ੀ ਲਈ ਤਾਂ ਇਕ ਦਿਲ ਦਹਲਾ ਦੇਣ ਵਾਲਾ ਦ੍ਰਿਸ਼ ਸਾਹਮਣੇ ਆਇਆ। ਫਲੈਟ ਵਿੱਚੋਂ ਪਤੀ-ਪਤਨੀ ਅਤੇ ਉਨ੍ਹਾਂ ਦੀ 10 ਸਾਲਾ ਧੀ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ। ਮ੍ਰਿਤਕਾਂ ਦੀ ਪਛਾਣ ਅਜੇ ਕੁਮਾਰ, ਉਨ੍ਹਾਂ ਦੀ ਪਤਨੀ ਨੀਲਮ ਅਤੇ ਧੀ ਜਾਹਨਵੀ ਵਜੋਂ ਹੋਈ ਹੈ।
ਕਾਰਨਾਂ ਦੀ ਪੜਤਾਲ ’ਚ ਜੁਟੀ ਪੁਲਿਸ
ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰਕੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤਫ਼ਤੀਸ਼ ਪੂਰੀ ਹੋਣ ਤੋਂ ਬਾਅਦ ਹੀ ਇਹ ਸਪਸ਼ਟ ਹੋ ਸਕੇਗਾ ਕਿ ਅੱਗ ਕਿਸ ਕਾਰਨ ਭੜਕੀ।

