ਨਵੀਂ ਦਿੱਲੀ :- ਰਾਜਧਾਨੀ ਦਿੱਲੀ ਦਾ ਆਸਮਾਨ ਅੱਜ ਸਵੇਰ ਉਹਨਾਂ ਰੰਗਾਂ ਨਾਲ ਭਰਿਆ ਦਿਖਿਆ, ਜਿਨ੍ਹਾਂ ਦੀ ਲੋਕਾਂ ਨੇ ਕਦੇ ਉਮੀਦ ਵੀ ਨਹੀਂ ਕੀਤੀ ਸੀ। ਹਵਾ ਵਿੱਚ ਐਸੀ ਬਾਰਿਕ ਸੁਆਹ ਤੈਰਦੀ ਨਜ਼ਰ ਆਈ, ਜਿਸਦਾ ਸਰੋਤ ਹਜ਼ਾਰਾਂ ਕਿਲੋਮੀਟਰ ਦੂਰ ਅਫ਼ਰੀਕਾ ਦੇ ਮਾਰੂਥਲ ਵਿੱਚ ਵਾਪਰੀ ਕੁਦਰਤੀ ਘਟਨਾ ਹੈ।
ਇਥੋਪੀਆ ਦੇ ਉੱਤਰ-ਪੂਰਬ ਵਲ ਸਦੀਆਂ ਪੁਰਾਣੇ ਹੇਲੇ ਗੈਬਿਨ ਜਵਾਲਾਮੁਖੀ ਦੇ ਫਟਣ ਤੋਂ ਉੱਠੀ ਸੁਆਹ ਦਾ ਇੱਕ ਵਿਸ਼ਾਲ ਗੁੱਛਾ 25,000 ਤੋਂ 45,000 ਫੁੱਟ ਦੀ ਉਚਾਈ ‘ਤੇ ਹਵਾਈ ਧਾਰਿਆਂ ਨਾਲ ਭਾਰਤ ਵੱਲ ਵਧ ਗਿਆ। ਇਹ ਬੱਦਲ ਜਦੋਂ ਭਾਰਤੀ ਹਵਾਈ ਖੇਤਰ ਵਿੱਚ ਪ੍ਰਵੇਸ਼ ਕਰਿਆ, ਤਾਂ ਸਭ ਤੋਂ ਵੱਧ ਪ੍ਰਭਾਵ ਦਿੱਲੀ ਅਤੇ ਆਲੇ-ਦੁਆਲੇ ਦੇ ਖੇਤਰਾਂ ‘ਤੇ ਦਿਖਿਆ।
AQI ਨੇ 400 ਦਾ ਅੰਕੜਾ ਲੰਘਿਆ – ਰਾਜਧਾਨੀ ‘ਚ ਜ਼ਹਿਰੀਲਾ ਧੂੰਆਂ ਵਧਿਆ
ਸੁਆਹ ਦੇ ਦਾਖਲ ਹੋਣ ਨਾਲ ਦਿੱਲੀ ਦੇ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਤੁਰੰਤ ਡਿਗ ਗਈ ਅਤੇ AQI ਖਤਰਨਾਕ ਪੱਧਰ 400 ਤੋਂ ਉੱਪਰ ਰਿਕਾਰਡ ਕੀਤਾ ਗਿਆ। ਲੋਕਾਂ ਨੂੰ ਸਵੇਰ ਤੋਂ ਹੀ ਅੱਖਾਂ ਵਿੱਚ ਜਲਨ, ਗਲੇ ਦੀ ਖਰਾਸ਼ ਅਤੇ ਧੂੰਏਂ ਵਾਲੀ ਬੂ ਦਾ ਅਹਿਸਾਸ ਹੋ ਰਿਹਾ ਹੈ।
ਸੁਆਹ ਦਾ ਬੱਦਲ ਕਈ ਰਾਜਾਂ ਵੱਲ ਵਧ ਰਿਹਾ – ਪੱਛਮੀ ਤੇ ਉੱਤਰੀ ਭਾਰਤ ਅਲਰਟ ‘ਚ
ਮੌਸਮ ਅਤੇ ਹਵਾਈ ਟ੍ਰੈਫ਼ਿਕ ਨਾਲ ਜੁੜੇ ਸਰਕਾਰੀ ਸੂਤਰਾਂ ਮੁਤਾਬਕ, ਸੁਆਹ ਦਾ ਇਹ ਬੱਦਲ ਗੁਜਰਾਤ ‘ਚ ਦਾਖਲ ਹੋਣ ਤੋਂ ਬਾਅਦ ਹੁਣ
ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ ਤੋਂ ਲੈ ਕੇ ਪਹਾੜੀ ਖੇਤਰਾਂ ਵੱਲ ਵੱਧ ਰਿਹਾ ਹੈ। ਇਸਦੇ ਕਾਰਨ ਕਈ ਰਾਜਾਂ ਨੂੰ ਪਹਿਲਾਂ ਹੀ ਸਾਵਧਾਨੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਡਾਣਾਂ ‘ਤੇ ਵੱਡਾ ਪ੍ਰਭਾਵ – DGCA ਦੀ ਸਖ਼ਤ ਐਡਵਾਇਜ਼ਰੀ
ਜਵਾਲਾਮੁਖੀ ਦੀ ਸੁਆਹ ਜਹਾਜ਼ਾਂ ਲਈ ਬਹੁਤ ਖਤਰਨਾਕ ਮੰਨੀ ਜਾਂਦੀ ਹੈ। ਇਸ ਕਾਰਨ DGCA ਨੇ ਤੁਰੰਤ ਸਭ ਏਅਰਲਾਇਨਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ:
-
ਪਾਇਲਟ ਕਿਸੇ ਵੀ ਉਚਾਈ ‘ਤੇ ਸੁਆਹ ਦੇ ਅਸਰ ਨੂੰ ਦੇਖਣ ਜਾਂ ਸੁੰਘਣ ‘ਤੇ ਤੁਰੰਤ ਕੰਟਰੋਲ ਰੂਮ ਨੂੰ ਸੂਚਿਤ ਕਰਨ
-
ਜਹਾਜ਼ ਨੂੰ ਜੋਖਮ ਤੋਂ ਬਚਾਉਂਦੇ ਹੋਏ ਉਚਾਈ ਬਦਲੀ ਜਾਵੇ
-
ਜਿੱਥੇ ਲੋੜ ਹੋਵੇ ਉਡਾਣਾਂ ਦੇ ਰੂਟ ਤੁਰੰਤ ਬਦਲੇ ਜਾਣ
ਕਈ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦੇ ਰੂਟ ਬਦਲੇ ਜਾ ਚੁੱਕੇ ਹਨ, ਅਤੇ ਕੁਝ ਉਡਾਣਾਂ ਦੇ ਰੱਦ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਅਕਾਸਾ ਏਅਰ ਅਤੇ ਇੰਡੀਗੋ ਸਮੇਤ ਕਈ ਕੰਪਨੀਆਂ ਨੇ ਆਪਣੇ ਪਾਇਲਟਾਂ ਲਈ ਖਾਸ ਪ੍ਰੋਟੋਕੋਲ ਜਾਰੀ ਕਰ ਦਿੱਤੇ ਹਨ।
ਮੌਸਮ ਵਿਗਿਆਨੀਆਂ ਦੀ ਚੇਤਾਵਨੀ – ਹਾਲਾਤ ਕੁਝ ਦਿਨ ਰਹਿ ਸਕਦੇ ਹਨ ਪ੍ਰਭਾਵਿਤ
ਵਿਗਿਆਨੀ ਮੰਨ ਰਹੇ ਹਨ ਕਿ ਜਵਾਲਾਮੁਖੀ ਦੀ ਰਾਖ ਇੱਕ ਵਾਰ ਉੱਚੀ ਹਵਾਈ ਲੇਅਰ ਵਿਚ ਪਹੁੰਚ ਜਾਏ ਤਾਂ ਉਹ ਦਿਨਾਂ ਤੱਕ ਮੰਡਲ ਵਿੱਚ ਟਿਕੀ ਰਹਿੰਦੀ ਹੈ। ਇਸ ਲਈ ਸੰਭਾਵਨਾ ਹੈ ਕਿ ਉੱਤਰੀ ਭਾਰਤ ਦੀ ਹਵਾ ਦੀ ਗੁਣਵੱਤਾ ਅਗਲੇ ਕੁਝ ਦਿਨਾਂ ਵਿੱਚ ਹੋਰ ਵੀ ਪ੍ਰਭਾਵਿਤ ਰਹੇ।

