ਨਵੀਂ ਦਿੱਲੀ :- ਰਾਜਧਾਨੀ ਦਿੱਲੀ ‘ਚ ਹਵਾ ਦੀ ਲਗਾਤਾਰ ਡਿੱਗ ਰਹੀ ਗੁਣਵੱਤਾ ਹੁਣ ਸਿਰਫ਼ ਸਾਹ ਦੀ ਬੀਮਾਰੀ ਤੱਕ ਸੀਮਿਤ ਨਹੀਂ ਰਹੀ। ਮਾਹਿਰਾਂ ਚੇਤਾਵਨੀ ਦੇ ਰਹੇ ਹਨ ਕਿ ਪ੍ਰਦੂਸ਼ਣ ਦਾ ਲੰਬੇ ਸਮੇਂ ਦਾ ਅਸਰ ਮਨੁੱਖੀ ਦਿਮਾਗ ਅਤੇ ਮਾਨਸਿਕ ਸਿਹਤ ‘ਤੇ ਸਿੱਧਾ ਪੈ ਰਿਹਾ ਹੈ। ਖ਼ਾਸ ਕਰਕੇ ਬੱਚਿਆਂ ‘ਚ ਸਿੱਖਣ ਦੀ ਸਮਰੱਥਾ, ਯਾਦਦਾਸ਼ਤ ਅਤੇ ਧਿਆਨ ਨਾਲ ਜੁੜੀਆਂ ਸਮੱਸਿਆਵਾਂ ਵਧ ਰਹੀਆਂ ਹਨ।
ਬੱਚਿਆਂ ਦੇ ਆਈਕਿਊ ਤੇ ਵਿਹਾਰ ‘ਚ ਆ ਰਹੀ ਗਿਰਾਵਟ
ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜੇ ਬੱਚੇ ਪ੍ਰਦੂਸ਼ਿਤ ਵਾਤਾਵਰਣ ‘ਚ ਪਲ ਰਹੇ ਹਨ, ਉਨ੍ਹਾਂ ‘ਚ ਆਈਕਿਊ ਪੱਧਰ ਘਟਣ, ਯਾਦਦਾਸ਼ਤ ਕਮਜ਼ੋਰ ਹੋਣ ਅਤੇ ਧਿਆਨ ਦੀ ਘਾਟ ਵਰਗੇ ਲੱਛਣ ਵੱਧ ਰਹੇ ਹਨ। ਬਾਲ ਰੋਗ ਵਿਸ਼ੇਸ਼ਗਿਆ ਮੁਤਾਬਕ ਇਸ ਦਾ ਅਸਰ ਸਿੱਧਾ ਬੱਚਿਆਂ ਦੀ ਅਕਾਦਮਿਕ ਕਾਰਗੁਜ਼ਾਰੀ ਅਤੇ ਰੋਜ਼ਾਨਾ ਵਿਹਾਰ ‘ਤੇ ਪੈ ਰਿਹਾ ਹੈ। ਮਾਹਿਰਾਂ ਮੰਨਦੇ ਹਨ ਕਿ ਸਾਫ਼ ਹਵਾ ਹੁਣ ਆਰਾਮ ਦੀ ਚੀਜ਼ ਨਹੀਂ, ਬਲਕਿ ਬੱਚਿਆਂ ਦੇ ਸਿਹਤਮੰਦ ਮਾਨਸਿਕ ਵਿਕਾਸ ਲਈ ਲਾਜ਼ਮੀ ਬਣ ਚੁੱਕੀ ਹੈ।
ਤਣਾਅ, ਡਿਪਰੈਸ਼ਨ ਅਤੇ ਚਿੰਤਾ ‘ਚ ਤੇਜ਼ ਵਾਧਾ
ਮਨੋਵਿਗਿਆਨੀਆਂ ਅਨੁਸਾਰ ਦਿੱਲੀ ਵਰਗੇ ਉੱਚ ਪ੍ਰਦੂਸ਼ਣ ਵਾਲੇ ਸ਼ਹਿਰਾਂ ‘ਚ ਰਹਿਣ ਵਾਲੇ ਲੋਕਾਂ ‘ਚ ਡਿਪਰੈਸ਼ਨ ਅਤੇ ਚਿੰਤਾ ਦੀ ਦਰ ਕਾਫ਼ੀ ਵਧ ਗਈ ਹੈ। ਲੰਬੇ ਸਮੇਂ ਤੱਕ ਜ਼ਹਿਰੀਲੀ ਹਵਾ ਦੇ ਸੰਪਰਕ ਕਾਰਨ ਸਰੀਰ ‘ਚ ਤਣਾਅ ਨਾਲ ਜੁੜਿਆ ਹਾਰਮੋਨ ਵੱਧ ਜਾਂਦਾ ਹੈ, ਜੋ ਮਨੋਦਸ਼ਾ ਨੂੰ ਅਸਥਿਰ ਕਰਦਾ ਹੈ। ਇਸ ਦੇ ਨਾਲ ਹੀ ਬਜ਼ੁਰਗਾਂ ‘ਚ ਯਾਦਦਾਸ਼ਤ ਨਾਲ ਸਬੰਧਿਤ ਗੰਭੀਰ ਬੀਮਾਰੀਆਂ ਦੇ ਖ਼ਤਰੇ ਵੀ ਵਧ ਰਹੇ ਹਨ।
ਸਮਾਜਿਕ ਜੀਵਨ ‘ਤੇ ਵੀ ਪੈ ਰਿਹਾ ਅਸਰ
ਪ੍ਰਦੂਸ਼ਣ ਦੇ ਕਾਰਨ ਲੋਕਾਂ ਦਾ ਬਾਹਰ ਨਿਕਲਣਾ, ਸੈਰ ਕਰਨਾ ਅਤੇ ਸਮਾਜਿਕ ਮਿਲਾਪ ਘਟਦਾ ਜਾ ਰਿਹਾ ਹੈ। ਧੁੱਪ ਅਤੇ ਸਰੀਰਕ ਗਤੀਵਿਧੀ ਦੀ ਘਾਟ ਨਾਲ ਇਕੱਲਾਪਣ ਅਤੇ ਮਾਨਸਿਕ ਥਕਾਵਟ ਵਧ ਰਹੀ ਹੈ। ਸਕੂਲਾਂ ਦਾ ਬੰਦ ਹੋਣਾ, ਉਡਾਣਾਂ ‘ਚ ਦੇਰੀ ਅਤੇ ਰੋਜ਼ਾਨਾ ਜੀਵਨ ਦੀ ਤੰਗੀ, ਲੋਕਾਂ ਲਈ ਲਗਾਤਾਰ ਤਣਾਅ ਦਾ ਕਾਰਨ ਬਣ ਰਹੀ ਹੈ।
ਮਾਨਸਿਕ ਸਿਹਤ ਐਮਰਜੈਂਸੀ ਵਜੋਂ ਦੇਖਣ ਦੀ ਮੰਗ
ਸਿਹਤ ਮਾਹਿਰਾਂ ਦਾ ਮਤ ਹੈ ਕਿ ਹਵਾ ਪ੍ਰਦੂਸ਼ਣ ਨੂੰ ਸਿਰਫ਼ ਵਾਤਾਵਰਣਕ ਸਮੱਸਿਆ ਮੰਨਣਾ ਕਾਫ਼ੀ ਨਹੀਂ। ਇਹ ਇਕ ਗੰਭੀਰ ਮਾਨਸਿਕ ਸਿਹਤ ਸੰਕਟ ਦਾ ਰੂਪ ਧਾਰ ਚੁੱਕਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨੀਤੀਆਂ ਬਣਾਉਂਦੇ ਸਮੇਂ ਮਾਨਸਿਕ ਸਿਹਤ ਨੂੰ ਕੇਂਦਰ ‘ਚ ਰੱਖਿਆ ਜਾਵੇ ਅਤੇ ਸਾਫ਼ ਹਵਾ ਨੂੰ ਮਨੁੱਖੀ ਦਿਮਾਗ ਦੀ ਸਿਹਤ ਲਈ ਬੁਨਿਆਦੀ ਜ਼ਰੂਰਤ ਮੰਨਿਆ ਜਾਵੇ।

