ਨਵੀਂ ਦਿੱਲੀ :- ਕਈ ਪਾਬੰਦੀਆਂ ਦੇ ਬਾਵਜੂਦ ਦਿੱਲੀ ਦੀ ਹਵਾ ਵਿੱਚ ਸੁਧਾਰ ਨਹੀਂ ਆ ਸਕਿਆ। ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਹਵਾ ਗੁਣਵੱਤਾ ਸੂਚਕਾਂਕ (AQI) 400 ਤੋਂ ਉੱਪਰ ਦਰਜ ਹੋਇਆ। ਔਸਤ AQI 405 ਰਿਹਾ, ਜਿਸਨੂੰ “ਗੰਭੀਰ” ਸ਼੍ਰੇਣੀ ਵਿੱਚ ਗਿਣਿਆ ਜਾਂਦਾ ਹੈ। ਪੰਜਾਬੀ ਬਾਗ ਵਿੱਚ 428, ਵਜ਼ੀਰਪੁਰ 452, ਆਈਟੀਓ 431, ਆਈਜੀਆਈ ਏਅਰਪੋਰਟ 460 ਅਤੇ ਆਨੰਦ ਵਿਹਾਰ 445 ਤੱਕ ਪਹੁੰਚ ਗਿਆ। ਨੋਇਡਾ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ਵਿੱਚ ਵੀ ਹਾਲਤ ਖਰਾਬ ਰਹੀ।
ਸਾਹ ਲੈਣਾ ਹੋਇਆ ਮੁਸ਼ਕਲ, ਅਗਲੇ ਹਫ਼ਤੇ ਵੀ ਨਹੀਂ ਸੁਧਰੇਗੀ ਹਵਾ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੇਵਲ 10 ਅੰਕਾਂ ਦਾ ਸੁਧਾਰ ਹੋਇਆ ਹੈ, ਪਰ ਹਵਾ ਅਜੇ ਵੀ ਜ਼ਹਿਰੀਲੀ ਹੈ। ਤਾਪਮਾਨ ਵਿੱਚ ਕਮੀ ਨਾਲ ਠੰਢ ਵੀ ਵਧ ਰਹੀ ਹੈ, ਜਿਸ ਕਾਰਨ ਪ੍ਰਦੂਸ਼ਣ ਜ਼ਮੀਨ ਦੇ ਨੇੜੇ ਫਸ ਰਿਹਾ ਹੈ। ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਹਫ਼ਤੇ ਤੱਕ ਦਿੱਲੀ ਦੀ ਹਵਾ ਵਿੱਚ ਕਿਸੇ ਵੱਡੇ ਸੁਧਾਰ ਦੀ ਸੰਭਾਵਨਾ ਨਹੀਂ ਹੈ।

