ਨਵੀਂ ਦਿੱਲੀ :- ਨਿਜ਼ਾਮੂਦੀਨ ਇਲਾਕਾ ਵੀਰਵਾਰ ਰਾਤ ਉਸ ਵੇਲੇ ਹਿਲ ਗਿਆ ਜਦੋਂ ਇਕ ਨੌਜਵਾਨ ਦਾ ਸਿਰੇਆਮ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਆਸਿਫ਼ ਕੁਰੈਸ਼ੀ ਵਜੋਂ ਹੋਈ ਹੈ, ਜੋ ਕਿ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦਾ ਚਚੇਰਾ ਭਰਾ ਦੱਸਿਆ ਜਾ ਰਿਹਾ ਹੈ। ਘਟਨਾ ਰਾਤ 11 ਵਜੇ ਦੇ ਕਰੀਬ ਦੀ ਹੈ, ਜਦੋਂ ਆਸਿਫ਼ ਆਪਣਾ ਦਿਨ ਦਾ ਕੰਮ ਮੁਕਾ ਕੇ ਘਰ ਵਾਪਸ ਆਇਆ ਸੀ।
ਪਾਰਕਿੰਗ ਵਿਵਾਦ ਨੇ ਲੈ ਲਈ ਜਾਨ, ਘਰ ਦੇ ਸਾਹਮਣੇ ਖੜੀ ਸਕੂਟੀ ਨੂੰ ਲੈ ਕੇ ਹੋਈ ਤਕਰਾਰ ਹੱਤਿਆ ‘ਚ ਬਦਲੀ
ਆਸਿਫ਼ ਨੇ ਘਰ ਆਉਣ ‘ਤੇ ਵੇਖਿਆ ਕਿ ਘਰ ਦੇ ਮੁੱਖ ਗੇਟ ਦੇ ਸਾਹਮਣੇ ਇੱਕ ਸਕੂਟੀ ਖੜੀ ਸੀ। ਉਸਨੇ ਉਸਨੂੰ ਹਟਾਉਣ ਲਈ ਕਿਹਾ, ਪਰ ਇਹ ਗੱਲ ਇੰਨੀ ਵਧ ਗਈ ਕਿ ਗੱਲਾਂ ਤੋਂ ਬਹਿਸ ਤੇ ਬਹਿਸ ਤੋਂ ਹਮਲੇ ਤੱਕ ਪਹੁੰਚ ਗਈ। ਕੁਝ ਲੋਕਾਂ ਨੇ ਮਿਲ ਕੇ ਤੇਜ਼ਧਾਰ ਚੀਜ਼ ਨਾਲ ਆਸਿਫ਼ ‘ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਪਰਿਵਾਰਕ ਮੈਂਬਰਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਆਸਿਫ਼ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦੀ ਸੂਚਨਾ ਮਿਲਦਿਆਂ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਫੌਰੀ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੋਰ ਦੋਸ਼ੀਆਂ ਦੀ ਪਛਾਣ ਲਈ ਕੋਸ਼ਿਸ਼ ਜਾਰੀ ਹੈ।
ਮ੍ਰਿਤਕ ਦੀ ਪਤਨੀ ਸ਼ਾਇਨਾਜ਼ ਕੁਰੈਸ਼ੀ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਸੀ, ਜਦੋਂ ਪਾਰਕਿੰਗ ਨੂੰ ਲੈ ਕੇ ਇਨ੍ਹਾਂ ਲੋਕਾਂ ਨਾਲ ਝਗੜਾ ਹੋਇਆ ਹੋਵੇ। ਉਨ੍ਹਾਂ ਮੁਤਾਬਕ, ਇਹ ਘਰਲੂ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਸੀ, ਪਰ ਇਸ ਵਾਰ ਗੱਲ ਹੱਦ ਤੋਂ ਵੱਧ ਗਈ। ਆਸਿਫ਼ ਨੇ ਸਿਰਫ਼ ਆਪਣਾ ਰਾਸ਼ਤਾ ਖੋਲ੍ਹਣ ਦੀ ਗੱਲ ਕੀਤੀ ਸੀ, ਪਰ ਬਦਲੇ ਵਿੱਚ ਉਸ ਦੀ ਜਾਨ ਲੈ ਲਈ ਗਈ।