ਚੰਡੀਗੜ੍ਹ :- ਚੰਡੀਗੜ੍ਹ ਸਾਇਬਰ ਕਰਾਈਮ ਪੁਲਿਸ ਨੇ ਇੱਕ ਸੁਚੱਜੇ ਢੰਗ ਨਾਲ ਚਲ ਰਹੇ ਆਨਲਾਈਨ ਠੱਗੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮਹਿਲਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਮਹਿਲਾਵਾਂ ਖੁਦ ਨੂੰ ਅਮਰੀਕਨ ਐਕਸਪ੍ਰੈੱਸ ਕਰੈਡਿਟ ਕਾਰਡ ਸੇਵਾਵਾਂ ਨਾਲ ਜੁੜੀਆਂ ਅਧਿਕਾਰੀ ਦੱਸ ਕੇ ਲੋਕਾਂ ਨਾਲ ਸੰਪਰਕ ਕਰਦੀਆਂ ਸਨ।
ਕ੍ਰੈਡਿਟ ਲਿਮਿਟ ਵਧਾਉਣ ਦਾ ਝਾਂਸਾ, ਖਾਤਿਆਂ ਤੋਂ ਉਡਾਏ ਪੈਸੇ
ਪੁਲਿਸ ਅਨੁਸਾਰ ਦੋਸ਼ੀ ਕਰੈਡਿਟ ਕਾਰਡ ਦੀ ਲਿਮਿਟ ਵਧਾਉਣ ਦਾ ਲਾਲਚ ਦੇ ਕੇ ਗਾਹਕਾਂ ਨੂੰ ਖ਼ਤਰਨਾਕ ਲਿੰਕ ਭੇਜਦੀਆਂ ਸਨ। ਜਿਵੇਂ ਹੀ ਪੀੜਤ ਉਸ ਲਿੰਕ ‘ਤੇ ਕਲਿੱਕ ਕਰਦਾ, ਉਸਦੇ ਬੈਂਕ ਖਾਤੇ ਤੋਂ ਪੈਸੇ ਕੱਟ ਲਏ ਜਾਂਦੇ ਸਨ।
ਇੱਕ ਪੀੜਤ ਤੋਂ 1.73 ਲੱਖ ਰੁਪਏ ਦੀ ਠੱਗੀ ਦੀ ਪੁਸ਼ਟੀ
ਜਾਂਚ ਦੌਰਾਨ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਤੋਂ 1 ਲੱਖ 73 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਠੱਗੀ ਰਾਹੀਂ ਹੜਪ ਲਈ ਗਈ। ਇਸ ਮਾਮਲੇ ਤੋਂ ਬਾਅਦ ਸਾਇਬਰ ਕਰਾਈਮ ਟੀਮ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ।
ਦਿੱਲੀ ਤੋਂ ਚਲਦਾ ਸੀ ਠੱਗੀ ਦਾ ਜਾਲ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਦਿੱਲੀ ਦੇ ਅਸ਼ੋਕ ਨਗਰ ਅਤੇ ਉੱਤਮ ਨਗਰ ਇਲਾਕਿਆਂ ਤੋਂ ਸਰਗਰਮ ਸੀ, ਜਦਕਿ ਤਿਲਕ ਨਗਰ (ਪੱਛਮੀ ਦਿੱਲੀ) ਵਿੱਚ ਵੀ ਛਾਪੇਮਾਰੀ ਕੀਤੀ ਗਈ।
ਮੋਬਾਇਲ, ਸਿਮ ਕਾਰਡ, ਏਟੀਐਮ ਤੇ ਦਸਤਾਵੇਜ਼ ਬਰਾਮਦ
ਛਾਪਿਆਂ ਦੌਰਾਨ ਪੁਲਿਸ ਨੇ 28 ਮੋਬਾਇਲ ਫੋਨ, 82 ਸਿਮ ਕਾਰਡ, 55 ਏਟੀਐਮ ਕਾਰਡ, 2 ਆਧਾਰ ਕਾਰਡ, 2 ਪੈਨ ਕਾਰਡ, 8 ਇੰਟਰਨੈੱਟ ਡੋਂਗਲ, 27 ਲੈਂਡਲਾਈਨ ਫੋਨ, ਬੈਂਕ ਪਾਸਬੁੱਕਾਂ, ਚੈਕਬੁੱਕਾਂ ਸਮੇਤ ਵੱਡੀ ਮਾਤਰਾ ਵਿੱਚ ਸਬੂਤ ਕਬਜੇ ‘ਚ ਲਏ ਹਨ।
ਨਕਲੀ ਪਹਿਚਾਣਾਂ ਨਾਲ ਦੇਸ਼ ਭਰ ‘ਚ ਲੋਕਾਂ ਨੂੰ ਠੱਗਿਆ
ਅਧਿਕਾਰੀਆਂ ਮੁਤਾਬਕ ਦੋਸ਼ੀ ਨਕਲੀ ਨਾਂ, ਵੱਖ-ਵੱਖ ਸਿਮ ਕਾਰਡ ਅਤੇ ਫਰਜ਼ੀ ਪਹਿਚਾਣਾਂ ਦੀ ਵਰਤੋਂ ਕਰਕੇ ਬੈਂਕ ਅਧਿਕਾਰੀ ਬਣਦੇ ਸਨ, ਜਿਸ ਨਾਲ ਵੱਖ-ਵੱਖ ਰਾਜਾਂ ਦੇ ਗਾਹਕਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਸਖ਼ਤ ਧਾਰਾਵਾਂ ਹੇਠ ਕੇਸ, ਜਾਂਚ ਜਾਰੀ
ਪੁਲਿਸ ਨੇ ਮਾਮਲੇ ‘ਚ ਭਾਰਤੀ ਨਿਆਂ ਸੰਹਿਤਾ ਅਤੇ ਆਈਟੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਹੁਣ ਹੋਰ ਪੀੜਤਾਂ ਦੀ ਪਛਾਣ ਅਤੇ ਪੈਸਿਆਂ ਦੀ ਲੇਨ-ਦੇਨ ਦੀ ਲੜੀ ਖੰਗਾਲੀ ਜਾ ਰਹੀ ਹੈ।
ਪੁਲਿਸ ਦੀ ਲੋਕਾਂ ਨੂੰ ਅਪੀਲ
ਸਾਇਬਰ ਕਰਾਈਮ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਅਣਪਛਾਤੇ ਲਿੰਕ ‘ਤੇ ਕਲਿੱਕ ਨਾ ਕਰਨ ਅਤੇ ਫ਼ੋਨ ਜਾਂ ਸੁਨੇਹਿਆਂ ਰਾਹੀਂ ਆਪਣੀ ਬੈਂਕ ਜਾਂ ਕਾਰਡ ਸੰਬੰਧੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ।

