ਚੰਡੀਗੜ੍ਹ :- ਚੰਡੀਗੜ੍ਹ ਦੇ ਸੈਕਟਰ-25 ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਈ-ਰਿਕਸ਼ਾ ਵਿੱਚ ਸ਼ੱਕੀ ਮਾਸ ਮਿਲਣ ਦੀ ਜਾਣਕਾਰੀ ਸਾਹਮਣੇ ਆਈ। ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਮਾਹੌਲ ਤਣਾਅਪੂਰਨ ਹੋ ਗਿਆ। ਸੁਚਨਾ ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮ ਨੇ ਤੁਰੰਤ ਪਹੁੰਚ ਕੇ ਸਥਿਤੀ ‘ਤੇ ਕਾਬੂ ਪਾਇਆ।
ਲਗਾਤਾਰ ਸਪਲਾਈ ਦਾ ਜ਼ਿਕਰ
ਵਿਸ਼ਵ ਹਿੰਦੂ ਪਰਿਸ਼ਦ ਦੇ ਮੰਤਰੀ ਅੰਕੁਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਇਸ ਇਲਾਕੇ ਵਿੱਚ ਸ਼ੱਕੀ ਮਾਸ ਦੀ ਸਪਲਾਈ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਸਨ। ਇਸੇ ਕਾਰਣ ਉਹ ਸਵੇਰੇ ਤੜਕੇ ਹੀ ਇਲਾਕੇ ‘ਚ ਨਿਗਰਾਨੀ ਲਈ ਮੌਜੂਦ ਸਨ। ਗੁਪਤਾ ਮੁਤਾਬਕ, ਅੱਜ ਸਵੇਰੇ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਈ-ਰਿਕਸ਼ਾ ਰਾਹੀਂ ਇਸ ਮਾਸ ਦੀ ਡਿਲਿਵਰੀ ਕੀਤੀ ਜਾ ਰਹੀ ਹੈ।
ਈ-ਰਿਕਸ਼ਾ ਰੋਕਣ ‘ਤੇ ਚਾਲਕ ਨੇ ਮਾਰਨੀ ਚਾਹੀ ਟੱਕਰ
ਗੁਪਤਾ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਸ਼ੱਕ ਦੇ ਅਧਾਰ ‘ਤੇ ਈ-ਰਿਕਸ਼ਾ ਨੂੰ ਰੋਕਿਆ ਤਾਂ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਵਾਹਨ ਵਿੱਚ ਰੱਖੇ ਬੈਗ ਦੀ ਜਾਂਚ ਕੀਤੀ ਗਈ ਤਾਂ ਅੰਦਰੋਂ ਮਾਸ ਮਿਲਿਆ।
ਪੁਲਿਸ ਵੱਲੋਂ ਰਿਕਵਰੀ, ਸੈਂਪਲ ਫੋਰੈਂਸਿਕ ਟੈਸਟ ਲਈ ਭੇਜੇ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਈ-ਰਿਕਸ਼ਾ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ ਫੋਰੈਂਸਿਕ ਟੀਮ ਨੇ ਮਾਸ ਦੇ ਸੈਂਪਲ ਇਕੱਠੇ ਕਰਕੇ ਲੈਬ ਟੈਸਟ ਲਈ ਭੇਜੇ ਹਨ। ਹੁਣ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪਸ਼ਟ ਹੋਵੇਗਾ ਕਿ ਜ਼ਬਤ ਕੀਤਾ ਗਿਆ ਮਾਸ ਗਊ ਦਾ ਸੀ ਜਾਂ ਕਿਸੇ ਹੋਰ ਪਸ਼ੂ ਦਾ।

