ਚੰਡੀਗੜ੍ਹ :- ਸ਼ਹਿਰ ਦੇ ਪ੍ਰਸਿੱਧ Chandigarh Rose Festival ਦੀ ਰੌਣਕ ਅੱਜ ਤੋਂ ਤਿੰਨ ਦਿਨਾਂ ਲਈ ਛਾਣੀ ਰਹੇਗੀ। ਸੈਕਟਰ-16 ਸਥਿਤ Zakir Hussain Rose Garden ਵਿੱਚ ਮਨਾਏ ਜਾਣ ਵਾਲੇ ਇਸ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਭੀੜ ਨੂੰ ਸੁਚੱਜੇ ਢੰਗ ਨਾਲ ਸੰਭਾਲਣ ਲਈ ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਅਤੇ ਪਾਰਕਿੰਗ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਫੁੱਲਾਂ ਦੀ ਰੰਗਤ ਨਾਲ ਮਹਿਕੇਗਾ ਸ਼ਹਿਰ
ਰੋਜ਼ ਗਾਰਡਨ ਵਿੱਚ ਸੈਂਕੜਿਆਂ ਕਿਸਮਾਂ ਦੇ ਗੁਲਾਬ ਅਤੇ ਹੋਰ ਸੁੰਦਰ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਰਿਵਾਰਾਂ, ਸੈਲਾਨੀਆਂ ਅਤੇ ਵਿਦਿਆਰਥੀਆਂ ਦੀ ਵੱਡੀ ਹਾਜ਼ਰੀ ਦੀ ਉਮੀਦ ਹੈ। ਇਸ ਕਰਕੇ ਸੁਰੱਖਿਆ ਦੇ ਨਾਲ-ਨਾਲ ਆਵਾਜਾਈ ਪ੍ਰਬੰਧਾਂ ‘ਤੇ ਖ਼ਾਸ ਧਿਆਨ ਦਿੱਤਾ ਗਿਆ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਅਵਿਵਸਥਾ ਨਾ ਬਣੇ।
ਇਨ੍ਹਾਂ ਥਾਵਾਂ ‘ਤੇ ਹੋਵੇਗੀ ਪਾਰਕਿੰਗ
ਦਰਸ਼ਕਾਂ ਦੀ ਸਹੂਲਤ ਲਈ ਵੱਖ-ਵੱਖ ਥਾਵਾਂ ‘ਤੇ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਵਿੱਚ ਚੰਡੀਗੜ੍ਹ ਪੁਲਿਸ ਮੁੱਖਾਲੇ ਦੇ ਪਿੱਛੇ, ਚੰਡੀਗੜ੍ਹ ਹਾਊਸਿੰਗ ਬੋਰਡ ਅਤੇ ਯੂਟੀ ਸਕੱਤਰਾਲੇ (ਸੈਕਟਰ-9) ਦੇ ਪਿੱਛੇ, ਪੰਜਾਬ ਪੁਲਿਸ ਮੁੱਖਾਲੇ ਤੋਂ ਕੇਂਦਰੀ ਸਦਨ ਤੱਕ ਵਾਲਾ ਖੇਤਰ, ਰੋਜ਼ ਗਾਰਡਨ ਦੀ ਪਿੱਛਲੀ ਸਾਈਡ, ਸੈਕਟਰ-17 ਵਿੱਚ ਹੋਟਲ ਤਾਜ ਅਤੇ ਟੀਡੀਆਈ ਮਾਲ ਦੇ ਨੇੜਲੇ ਇਲਾਕੇ, ਮਲਟੀ ਲੈਵਲ ਅਤੇ ਨੀਲਮ ਪਾਰਕਿੰਗ, ਸੈਕਟਰ-9 ਮੱਧ ਮਾਰਗ ‘ਤੇ ਐੱਸਸੀਓਜ਼ ਸਾਹਮਣੇ ਸਥਾਨ, ਐੱਮਸੀ ਦਫ਼ਤਰ ਸਾਹਮਣੇ ਖੇਤਰ ਅਤੇ ਨੀਲਮ ਥੀਏਟਰ ਨਾਲ ਲੱਗਦੀ ਪਾਰਕਿੰਗ ਸ਼ਾਮਲ ਹਨ। ਸੈਕਟਰ-17 ਵਿੱਚ ਹੋਰ ਨਿਰਧਾਰਤ ਪਾਰਕਿੰਗ ਸਥਾਨ ਵੀ ਖੁਲੇ ਰਹਿਣਗੇ।
ਆਮ ਲੋਕਾਂ ਲਈ ਪੁਲਿਸ ਦੀ ਅਪੀਲ
ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਵਾਹਨ ਕੇਵਲ ਨਿਰਧਾਰਤ ਪਾਰਕਿੰਗ ਸਥਾਨਾਂ ‘ਤੇ ਹੀ ਖੜ੍ਹੇ ਕੀਤੇ ਜਾਣ। ਸੈਕਟਰ-16 ਦੀਆਂ ਅੰਦਰੂਨੀ ਸੜਕਾਂ, ਸਾਈਕਲ ਟਰੈਕਾਂ, ਪੈਦਲ ਰਸਤਿਆਂ ਅਤੇ ਨੋ-ਪਾਰਕਿੰਗ ਜ਼ੋਨਾਂ ਵਿੱਚ ਗੱਡੀਆਂ ਖੜ੍ਹੀਆਂ ਕਰਨ ‘ਤੇ ਕਾਰਵਾਈ ਕੀਤੀ ਜਾਵੇਗੀ। ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਟੋ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜੇ ਕਿਸੇ ਦਾ ਵਾਹਨ ਟੋ ਜਾਂ ਕਲੈਂਪ ਹੋ ਜਾਵੇ ਤਾਂ ਟ੍ਰੈਫਿਕ ਹੈਲਪਲਾਈਨ 1073 ‘ਤੇ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ। ਟ੍ਰੈਫਿਕ ਜਾਮ ਦੀ ਸਥਿਤੀ ਵਿੱਚ ਧੀਰਜ ਬਣਾਈ ਰੱਖਣ ਅਤੇ ਬਿਨਾਂ ਲੋੜ ਹਾਰਨ ਨਾ ਵਜਾਉਣ ਦੀ ਵੀ ਅਪੀਲ ਕੀਤੀ ਗਈ ਹੈ। ਭੀੜ ਦੇ ਮੱਦੇਨਜ਼ਰ ਕਾਰ ਪੂਲਿੰਗ ਜਾਂ ਜਨਤਕ ਆਵਾਜਾਈ ਦੀ ਵਰਤੋਂ ਕਰਨਾ ਵਧੀਆ ਵਿਕਲਪ ਦੱਸਿਆ ਗਿਆ ਹੈ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਫੈਸਟਿਵਲ ਦੌਰਾਨ ਕੁਝ ਸੜਕਾਂ ‘ਤੇ ਆਵਾਜਾਈ ਨੂੰ ਡਾਈਵਰਟ ਜਾਂ ਸੀਮਿਤ ਕੀਤਾ ਜਾ ਸਕਦਾ ਹੈ, ਇਸ ਲਈ ਨਾਗਰਿਕ ਪਹਿਲਾਂ ਹੀ ਆਪਣਾ ਰੂਟ ਤੈਅ ਕਰ ਲੈਣ।

