ਚੰਡੀਗੜ੍ਹ :- ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਅੰਤਰਰਾਸ਼ਟਰੀ ਕੁਨੈਕਟੀਵਿਟੀ ਵਧਾਉਣ ਲਈ ਚਾਰ ਨਵੀਆਂ ਰੂਟਾਂ ਦੀ ਸ਼ੁਰੂਆਤ ਦੀ ਤਿਆਰੀ ਜ਼ੋਰਾਂ ‘ਤੇ ਹੈ। ਏਅਰਪੋਰਟ ਅਥਾਰਟੀ ਨੇ ਇਸ ਸਬੰਧੀ ਪ੍ਰਸਤਾਵ ਕੇਂਦਰ ਨੂੰ ਭੇਜ ਦਿੱਤਾ ਹੈ, ਜਦੋਂ ਕਿ ਹਵਾਈ ਕੰਪਨੀਆਂ ਨਾਲ ਗੱਲਬਾਤ ਅਖੀਰੀ ਪੜਾਅ ਵਿੱਚ ਹੈ।
ਬੈਂਕਾਕ, ਮਲੇਸ਼ੀਆ, ਲੰਡਨ ਤੇ ਸਿੰਗਾਪੁਰ ਨਾਲ ਜੁੜੇਗੀ ਨਵੀਂ ਲਾਈਨ
ਏਅਰਪੋਰਟ ਦੇ ਸੀ.ਈ.ਓ. ਅਜੇ ਵਰਮਾ ਦੇ ਅਨੁਸਾਰ ਚਾਰ ਮੁੱਖ ਅੰਤਰਰਾਸ਼ਟਰੀ ਮੰਜ਼ਿਲਾਂ—ਬੈਂਕਾਕ, ਮਲੇਸ਼ੀਆ, ਲੰਡਨ ਅਤੇ ਸਿੰਗਾਪੁਰ—ਨਾਲ ਸਿੱਧੀ ਉਡਾਣਾਂ ਦੀ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ‘ਚ ਹਵਾਈ ਆਵਾਜਾਈ ਲਗਾਤਾਰ ਵਧ ਰਹੀ ਹੈ ਅਤੇ ਸਾਲਾਨਾ ਕਰੀਬ 42 ਲੱਖ ਯਾਤਰੀ ਏਅਰਪੋਰਟ ਦੀ ਵਰਤੋਂ ਕਰਦੇ ਹਨ।
ਮੰਗ ਵਧੀ, ਦੋ ਤੋਂ ਵਧ ਕੇ ਛੇ ਹੋ ਸਕਦੀਆਂ ਇੰਟਰਨੈਸ਼ਨਲ ਉਡਾਣਾਂ
ਮੌਜੂਦਾ ਸਮੇਂ ਚੰਡੀਗੜ੍ਹ ਤੋਂ ਕੇਵਲ ਦੋ ਅੰਤਰਰਾਸ਼ਟਰੀ ਉਡਾਣਾਂ ਚੱਲ ਰਹੀਆਂ ਹਨ, ਜਦਕਿ ਘਰੇਲੂ ਉਡਾਣਾਂ ਦੀ ਗਿਣਤੀ 80 ਦੇ ਨੇੜੇ ਹੈ। ਵਧਦੇ ਯਾਤਰੀ ਬੋਝ ਨੂੰ ਦੇਖਦਿਆਂ ਅੰਤਰਰਾਸ਼ਟਰੀ ਰੂਟ ਵਧਾਉਣ ਦੀ ਮੰਗ ਜ਼ੋਰ ਫੜ੍ਹ ਰਹੀ ਹੈ।

