ਚੰਡੀਗੜ੍ਹ :- ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪ੍ਰਮੁੱਖ ਈਸਾਈ ਆਗੂਆਂ ਨੇ ਮੰਗਲਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਸਾਂਝੀ ਪ੍ਰੈੱਸ ਵਾਰਤਾ ਕਰਕੇ ਜਲੰਧਰ ਦੇ ਪਾਦਰੀ ਅੰਕੁਰ ਨਰੂਲਾ ਅਤੇ ਉਸ ਨਾਲ ਜੁੜੇ ਸੰਗਠਨਾਂ ਤੋਂ ਆਪਣਾ ਪੂਰਾ ਅਲੱਗਾਵਾ ਜ਼ਾਹਰ ਕਰ ਦਿੱਤਾ। ਆਗੂਆਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੁਝ ਵਿਅਕਤੀਆਂ ਦੀਆਂ ਕਰਤੂਤਾਂ ਕਾਰਨ ਪੂਰੇ ਈਸਾਈ ਸਮਾਜ ਦੀ ਛਵੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਜਿਸ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਗਲਤ ਕਾਰਵਾਈਆਂ ਕਾਰਨ ਪੂਰੇ ਸਮਾਜ ਨੂੰ ਕੀਤਾ ਜਾ ਰਿਹਾ ਹੈ ਬਦਨਾਮ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਰੌਬਰਟ ਵਿਲੀਅਮ, ਜਗਦੀਸ਼ ਮਸੀਹ ਅਤੇ ਸੁਖਜਿੰਦਰ ਗਿੱਲ ਨੇ ਕਿਹਾ ਕਿ ਈਸਾਈ ਧਰਮ ਸਦਾਚਾਰ, ਸੇਵਾ ਅਤੇ ਇਨਸਾਫ਼ ਦੀ ਸਿੱਖਿਆ ਦਿੰਦਾ ਹੈ, ਨਾ ਕਿ ਹੰਗਾਮੇ, ਭੜਕਾਊ ਬਿਆਨ ਜਾਂ ਨਾਟਕੀ ਪ੍ਰਦਰਸ਼ਨ। ਉਨ੍ਹਾਂ ਆਖਿਆ ਕਿ ਅੰਕੁਰ ਨਰੂਲਾ ਵਰਗੇ ਲੋਕ ਆਪਣੇ ਨਿੱਜੀ ਲਾਭ ਲਈ ਧਰਮ ਦੀ ਆੜ ਲੈ ਰਹੇ ਹਨ।
ਰੇਪ ਤੇ ਕਤਲ ਮਾਮਲੇ ‘ਚ ਬਿਆਨਾਂ ‘ਤੇ ਕੜੀ ਨਿੰਦਾ
ਆਗੂਆਂ ਨੇ ਜਲੰਧਰ ਵਿੱਚ 13 ਸਾਲਾ ਬੱਚੀ ਨਾਲ ਹੋਏ ਬਲਾਤਕਾਰ ਅਤੇ ਕਤਲ ਮਾਮਲੇ ‘ਚ ਅੰਕੁਰ ਨਰੂਲਾ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਅਣਮਨੁੱਖੀ ਤੇ ਅਸੰਵੇਦਨਸ਼ੀਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ‘ਤੇ ਬਿਆਨਬਾਜ਼ੀ ਕਰਨ ਦੀ ਥਾਂ ਪੀੜਤ ਪਰਿਵਾਰ ਨਾਲ ਖੜ੍ਹਾ ਹੋਣਾ ਚਾਹੀਦਾ ਸੀ। ਆਗੂਆਂ ਨੇ ਮੰਗ ਕੀਤੀ ਕਿ ਨਰੂਲਾ ਬਿਨਾਂ ਕਿਸੇ ਸ਼ਰਤ ਦੇ ਮੁਆਫੀ ਮੰਗੇ।
ਸਿੱਧੂ ਮੂਸੇਵਾਲਾ ਦੀ ਮਾਂ ਦਾ ਪੁਤਲਾ ਸਾੜਨਾ ਨਿੰਦਣਯੋਗ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਪੁਤਲਾ ਸਾੜੇ ਜਾਣ ਦੀ ਘਟਨਾ ‘ਤੇ ਈਸਾਈ ਆਗੂਆਂ ਨੇ ਸਖ਼ਤ ਰੋਸ ਪ੍ਰਗਟਾਇਆ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਘਟਨਾ ਕੁਝ ਵਿਅਕਤੀਆਂ ਦੀ ਕਰਤੂਤ ਸੀ, ਜਿਸ ਦਾ ਈਸਾਈ ਭਾਈਚਾਰੇ ਨਾਲ ਕੋਈ ਸਬੰਧ ਨਹੀਂ। ਆਗੂਆਂ ਨੇ ਕਿਹਾ ਕਿ ਈਸਾਈ ਸਮਾਜ ਕਿਸੇ ਦੀ ਬੇਇਜ਼ਤੀ ਜਾਂ ਦੁੱਖ ਦਾ ਮਜ਼ਾਕ ਬਣਾਉਣ ਦੀ ਕਦੇ ਹਮਾਇਤ ਨਹੀਂ ਕਰਦਾ।
ਡੀਜੇ-ਭੰਗੜੇ ਵਾਲੀਆਂ ਯਾਤਰਾਵਾਂ ਨੂੰ ਦੱਸਿਆ ਧਰਮ ਵਿਰੋਧੀ
ਪ੍ਰੈੱਸ ਕਾਨਫਰੰਸ ਦੌਰਾਨ ਅੰਕੁਰ ਨਰੂਲਾ ਵੱਲੋਂ ਕੱਢੀਆਂ ਜਾ ਰਹੀਆਂ ਸ਼ੋਭਾ ਯਾਤਰਾਵਾਂ ‘ਚ ਡੀਜੇ, ਭੰਗੜੇ ਅਤੇ ਸ਼ੋਰ-ਸ਼ਰਾਬੇ ਦੀ ਵਰਤੋਂ ਨੂੰ ਬਾਈਬਲ ਦੀ ਸਿੱਖਿਆ ਦੇ ਉਲਟ ਦੱਸਿਆ ਗਿਆ। ਆਗੂਆਂ ਨੇ ਕਿਹਾ ਕਿ ਈਸਾਈ ਧਰਮ ਸਾਦਗੀ ਅਤੇ ਸ਼ਾਂਤੀ ਦਾ ਪਾਠ ਪੜ੍ਹਾਉਂਦਾ ਹੈ, ਨਾ ਕਿ ਦਿਖਾਵੇ ਦਾ।
ਪੂਰੇ ਈਸਾਈ ਸਮਾਜ ਦੀ ਨੁਮਾਇੰਦਗੀ ਦਾ ਦਾਅਵਾ ਗਲਤ
ਆਗੂਆਂ ਨੇ ‘ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ’ ‘ਤੇ ਦੋਸ਼ ਲਗਾਇਆ ਕਿ ਇਹ ਸੰਗਠਨ ਆਪਣੇ ਆਪ ਨੂੰ ਪੂਰੇ ਈਸਾਈ ਭਾਈਚਾਰੇ ਦੀ ਆਵਾਜ਼ ਵਜੋਂ ਪੇਸ਼ ਕਰ ਰਿਹਾ ਹੈ, ਜੋ ਕਿ ਸੱਚ ਨਹੀਂ। ਉਨ੍ਹਾਂ ਕਿਹਾ ਕਿ ਇਹ ਕਮੇਟੀ ਸਿਰਫ਼ ਇੱਕ ਵਿਅਕਤੀ ਦੀ ਮਨਿਸਟਰੀ ਨਾਲ ਜੁੜੀ ਹੋਈ ਹੈ।
ਪਾਖੰਡ ਖ਼ਿਲਾਫ਼ ਲੜਾਈ ਦਾ ਐਲਾਨ
ਪ੍ਰੈੱਸ ਵਾਰਤਾ ਦੌਰਾਨ ‘ਪੰਜਾਬ ਬਚਾਓ ਮੋਰਚਾ’ ਅਤੇ ਉਸਦੇ ਪ੍ਰਧਾਨ ਤੇਜਸਵੀ ਮਿਨਹਾਸ ਦੇ ਅੰਦੋਲਨ ਦਾ ਸਮਰਥਨ ਕਰਦਿਆਂ ਆਗੂਆਂ ਨੇ ਕਿਹਾ ਕਿ ਈਸਾਈ ਸਮਾਜ ਵੀ ਪਾਖੰਡ, ਅੰਧਵਿਸ਼ਵਾਸ ਅਤੇ ਫਰਜ਼ੀ ਚਮਤਕਾਰਾਂ ਦੇ ਖ਼ਿਲਾਫ਼ ਹੈ। ਧਰਮ ਨੂੰ ਕਾਰੋਬਾਰ ਬਣਾਉਣ ਵਾਲਿਆਂ ਖ਼ਿਲਾਫ਼ ਸਮਾਜਕ ਜਾਗਰੂਕਤਾ ਜ਼ਰੂਰੀ ਹੈ।
ਪ੍ਰਸ਼ਾਸਨ ਤੋਂ ਕਾਰਵਾਈ ਅਤੇ ਕਮਿਸ਼ਨ ਚੇਅਰਮੈਨ ਨੂੰ ਹਟਾਉਣ ਦੀ ਮੰਗ
ਅੰਤ ਵਿੱਚ ਆਗੂਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣ। ਨਾਲ ਹੀ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਗੌਰਵ ਮਸੀਹ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਦਿਆਂ ਦੋਸ਼ ਲਗਾਇਆ ਕਿ ਉਹ ਇੱਕ ਪੱਖੀ ਰਵੱਈਆ ਅਪਨਾ ਰਹੇ ਹਨ।

