ਚੰਡੀਗੜ੍ਹ :- ਚੰਡੀਗੜ੍ਹ ਵਿੱਚ ਬੁੱਧਵਾਰ ਨੂੰ ਹੋਏ ਵਿਦਿਆਰਥੀ ਸੰਘ ਚੋਣਾਂ ਦੌਰਾਨ ਕਈ ਥਾਵਾਂ ‘ਤੇ ਵਿਦਿਆਰਥੀਆਂ ਵਿੱਚ ਉਤਸ਼ਾਹ ਤੇ ਕਈ ਥਾਵਾਂ ‘ਤੇ ਨਿਰਾਸ਼ਾ ਦਾ ਮਾਹੌਲ ਰਿਹਾ। ਮੀਂਹ ਦੇ ਬਾਵਜੂਦ ਚੋਣਾਂ ‘ਚ ਚੰਗੀ ਖ਼ਾਸੀ ਰੌਣਕ ਦੇਖਣ ਨੂੰ ਮਿਲੀ। ਨਤੀਜੇ ਆਉਣ ਦੇ ਨਾਲ ਹੀ ਹਾਲਾਤ ਬਦਲਦੇ ਗਏ। ਸ਼ਾਮ ਲਗਭਗ ਪੌਣੇ ਪੰਜ ਵਜੇ ਤੱਕ ਪੰਜਾਬ ਯੂਨੀਵਰਸਿਟੀ ‘ਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP) ਨੇ ਆਪਣੀ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਪ੍ਰਧਾਨ ਪਦ ਦੇ ਉਮੀਦਵਾਰ ਗੌਰਵ ਵੀਰ ਸੋਹਲ ਦੀ ਜਿੱਤ ਲਗਭਗ ਪੱਕੀ ਮੰਨੀ ਗਈ। ਕੁਝ ਕਾਲਜਾਂ ਵਿੱਚ ਸ਼ਾਮ ਪੰਜ ਵਜੇ ਤੱਕ ਤਸਵੀਰ ਸਾਫ਼ ਹੋ ਗਈ, ਜਦਕਿ ਕੁਝ ਵਿੱਚ ਨਤੀਜਿਆਂ ਲਈ ਇੰਤਜ਼ਾਰ ਲੰਮਾ ਹੋ ਗਿਆ।
ਪੀ.ਜੀ.ਜੀ.ਸੀ–46 ‘ਚ ਪੰਕਜ ਪ੍ਰਧਾਨ, ਰਵਿੰਦਰ ਉਪ–ਪ੍ਰਧਾਨ
ਸੈਕਟਰ–46 ਦੇ ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ ‘ਚ ਬੀ.ਸੀ.ਏ ਤੀਜੇ ਸਾਲ ਦੇ ਵਿਦਿਆਰਥੀ ਪੰਕਜ ਨੂੰ ਪ੍ਰਧਾਨ ਚੁਣਿਆ ਗਿਆ। ਬੀ.ਕਾਮ ਪਹਿਲੇ ਸਾਲ ਦੇ ਰਵਿੰਦਰ ਸਿੰਘ ਨੇ ਉਪ–ਪ੍ਰਧਾਨ ਦਾ ਅਹੁਦਾ ਹਾਸਲ ਕੀਤਾ, ਜਦਕਿ ਬੀ.ਏ ਤੀਜੇ ਸਾਲ ਦੀ ਸਨੇਹਾ ਸਕੱਤਰ ਬਣੀ। ਬੀ.ਏ ਤੀਜੇ ਸਾਲ ਦੀ ਅੰਜਲੀ ਨੂੰ ਸਾਂਝੀ ਸਕੱਤਰ ਚੁਣਿਆ ਗਿਆ।
ਗੁਰੂ ਗੋਬਿੰਦ ਸਿੰਘ ਕਾਲਜ ‘ਚ ਭੂਮੀ ਪ੍ਰਧਾਨ
ਵੂਮਨ ਵਿੱਚ ਬੀ.ਕਾਮ ਤੀਜੇ ਸਾਲ ਦੀ ਭੂਮੀ ਨੂੰ ਪ੍ਰਧਾਨ ਚੁਣਿਆ ਗਿਆ। ਬੀ.ਏ ਤੀਜੇ ਸਾਲ ਦੀ ਅਕੋਇਜਮ ਜੇਸਿਤਾ ਉਪ–ਪ੍ਰਧਾਨ, ਬੀ.ਸੀ.ਏ ਦੂਜੇ ਸਾਲ ਦੀ ਦਿਵਿਆ ਜੇ. ਮਾਂਗੈਨ ਸਕੱਤਰ ਅਤੇ ਬੀ.ਐੱਸ.ਸੀ ਪਹਿਲੇ ਸਾਲ ਦੀ ਵੰਸ਼ਿਕਾ ਸਾਂਝੀ ਸਕੱਤਰ ਚੁਣੀ ਗਈ।
ਐਮ.ਸੀ.ਐਮ ਕਾਲਜ ‘ਚ ਅਪਰਾਜਿਤਾ ਨੇ ਸਭਨੂੰ ਹਰਾਇਆ
ਮੇਹਰ ਚੰਦ ਮਹਾਜਨ ਡੀ.ਏ.ਵੀ. ਮਹਿਲਾ ਮਹਾਵਿਦਿਆਲਯ ‘ਚ ਬੀ.ਏ ਤੀਜੇ ਸਾਲ ਦੀ ਅਪਰਾਜਿਤਾ ਬਾਲੀ ਪ੍ਰਧਾਨ ਬਣੀ। ਬੀ.ਏ ਤੀਜੇ ਸਾਲ ਦੀ ਆਰੁਸ਼ੀ ਬਕਸ਼ੀ ਉਪ–ਪ੍ਰਧਾਨ, ਬੀ.ਏ ਦੂਜੇ ਸਾਲ ਦੀ ਓਜਸਵਿਤਾ ਕੌਰ ਸਕੱਤਰ ਅਤੇ ਬੀ.ਏ ਤੀਜੇ ਸਾਲ ਦੀ ਅਨਵੀ ਠਾਕੁਰ ਸਾਂਝੀ ਸਕੱਤਰ ਚੁਣੀ ਗਈ। ਇਸ ਕਾਲਜ ਵਿੱਚ 759 ਵਿਦਿਆਰਥੀਆਂ ਨੇ ਵੋਟ ਪਾ ਕੇ ਨਵੀਂ ਕੌਂਸਲ ਬਣਾਉਣ ‘ਚ ਯੋਗਦਾਨ ਪਾਇਆ।