ਚੰਡੀਗੜ੍ਹ :- ਚੰਡੀਗੜ੍ਹ ਵਿੱਚ ਲਗਾਤਾਰ ਭਾਰੀ ਮੀਂਹ ਕਾਰਨ ਸੁਖਨਾ ਝੀਲ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚੜ੍ਹ ਗਿਆ ਹੈ। ਹਾਲਾਤ ਇੰਨੇ ਖ਼ਤਰਨਾਕ ਹੋ ਗਏ ਕਿ ਬੁੱਧਵਾਰ ਸਵੇਰੇ 7 ਵਜੇ ਫਲੱਡ ਗੇਟ ਖੋਲ੍ਹਣੇ ਪਏ। ਇਸ ਕਾਰਨ ਸੈਕਟਰ-26 ਅਤੇ ਬਾਪੂਧਾਮ ਪੁਲ ਨੂੰ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਰਸਤੇ ਤੋਂ ਗੁਜਾਰਾ ਨਾ ਕਰਨ ਅਤੇ ਬਦਲਵੇਂ ਰੂਟਾਂ ਤੋਂ ਸਫ਼ਰ ਕਰਨ।
ਸਕੂਲਾਂ ਅਤੇ ਵਿਦਿਆਰਥੀਆਂ ਲਈ ਛੁੱਟੀਆਂ
ਭਾਰੀ ਮੀਂਹ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਾਰੇ ਸਕੂਲ 3 ਸਤੰਬਰ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਵਿਦਿਆਰਥੀਆਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮਹੱਤਵਪੂਰਨ ਫ਼ੈਸਲਾ ਲਿਆ ਗਿਆ।
ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮ
ਡਿਪਟੀ ਕਮਿਸ਼ਨਰ ਨਿਸ਼ਾਤ ਕੁਮਾਰ ਯਾਦਵ ਨੇ ਝੀਲਾਂ, ਤਾਲਾਬਾਂ, ਦਰਿਆਵਾਂ ਅਤੇ ਹੋਰ ਜਲ ਸਰੋਤਾਂ, ਜਿਵੇਂ ਕਿ ਸੁਖਨਾ ਚੋਅ ਅਤੇ ਪਟਿਆਲਾ ਕੀ ਰਾਓ, ਵਿੱਚ ਪ੍ਰਵੇਸ਼ ‘ਤੇ ਪਾਬੰਦੀ ਲਾ ਦਿੱਤੀ ਹੈ। ਲੋਕਾਂ ਨੂੰ ਪਾਲਤੂ ਜਾਨਵਰ, ਮੱਛੀ ਫੜਨਾ ਅਤੇ ਤੈਰਾਕੀ ਵਰਗੀਆਂ ਸਰਗਰਮੀਆਂ ਤੋਂ ਬਚਣ ਦੀ ਹਦਾਇਤ ਦਿੱਤੀ ਗਈ ਹੈ। ਡਿਜ਼ਾਸਟਰ ਮੈਨੇਜਮੈਂਟ ਟੀਮ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਮੁਲਾਜ਼ਮਾਂ ਨੂੰ ਇਸ ਹੁਕਮ ਤੋਂ ਛੂਟ ਹੈ। ਪ੍ਰਸ਼ਾਸਨ ਨੇ ਸਾਫ਼ ਅਲੋਚਨਾ ਕੀਤੀ ਹੈ ਕਿ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਨਾਗਰਿਕਾਂ ਦੇ ਖ਼ਿਲਾਫ਼ 31 ਅਕਤੂਬਰ ਤੱਕ ਕਾਰਵਾਈ ਕੀਤੀ ਜਾਵੇਗੀ।