ਚੰਡੀਗੜ੍ਹ :- ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਯੂ.ਟੀ. ਚੰਡੀਗੜ੍ਹ ਦਾ ਸਿਹਤ ਵਿਭਾਗ ਸ਼ਹਿਰ ਵਿੱਚ ਮਿਲਾਵਟੀ ਖਾਣ-ਪੀਣ ਵਸਤਾਂ ਦੀ ਚੌਕਸੀ ਵਧਾ ਰਿਹਾ ਹੈ। ਵਿਭਾਗ ਦੀ ਫੂਡ ਸੇਫਟੀ ਟੀਮ ਵੱਖ-ਵੱਖ ਇਲਾਕਿਆਂ ਤੋਂ ਕੁੱਲ 51 ਨਮੂਨੇ ਇਕੱਠੇ ਕਰ ਚੁੱਕੀ ਹੈ, ਜਿਸ ਵਿੱਚ 26 ਰੈਗੂਲੇਟਰੀ ਅਤੇ 25 ਸਰਵਿਲਾਂਸ ਨਮੂਨੇ ਸ਼ਾਮਿਲ ਹਨ। ਪਨੀਰ, ਖੋਆ ਅਤੇ ਮਠਿਆਈਆਂ ਦੇ ਨਮੂਨੇ ਲੈਬ ਵਿੱਚ ਜਾਂਚ ਲਈ ਭੇਜੇ ਗਏ ਹਨ।
ਚਲਾਨ ਅਤੇ ਜਾਗਰੂਕਤਾ ਮੁਹਿੰਮ
ਹੁਣ ਤੱਕ 9 ਫੂਡ ਬਿਜ਼ਨੈੱਸ ਆਪਰੇਟਰਾਂ ਖਿਲਾਫ਼ ਚਲਾਨ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੇ ਫੂਡ ਸੇਫਟੀ ਨਿਯਮਾਂ ਦੀ ਉਲੰਘਣਾ ਕੀਤੀ। ਇਸਦੇ ਨਾਲ-ਨਾਲ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਏ ਜਾ ਰਹੇ ਹਨ, ਜਿੱਥੇ ਆਮ ਲੋਕਾਂ ਨੂੰ ਮਠਿਆਈਆਂ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਖਰੀਦਣ ਸਮੇਂ ਧਿਆਨ ਰੱਖਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਦੁਕਾਨਦਾਰਾਂ ਲਈ ਸਖ਼ਤ ਨਿਰਦੇਸ਼
ਸਿਹਤ ਵਿਭਾਗ ਨੇ ਦੁਕਾਨਦਾਰਾਂ ਨੂੰ ਕਿਹਾ ਹੈ ਕਿ ਉਹ ਖਾਣ-ਪੀਣ ਦੀਆਂ ਚੀਜ਼ਾਂ ਨੂੰ ਸਾਫ਼-ਸੁਥਰੇ ਡੱਬਿਆਂ ਵਿੱਚ ਰੱਖਣ, ਸਫ਼ਾਈ ‘ਤੇ ਖ਼ਾਸ ਧਿਆਨ ਦੇਣ ਅਤੇ ਖ਼ਰਾਬ ਜਾਂ ਐਕਸਪਾਇਰਡ ਸਮਾਨ ਨਾ ਵੇਚਣ। ਨਾਲ ਹੀ ਮਠਿਆਈਆਂ ਵਿੱਚ ਸਿੰਥੈਟਿਕ ਰੰਗਾਂ ਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਹੈ। ਖ਼ਪਤਕਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਜੇਕਰ ਕਿਸੇ ਵੀ ਦੁਕਾਨ ਵਿੱਚ ਮਿਲਾਵਟ ਜਾਂ ਗੰਦਗੀ ਮਿਲੇ, ਤਾਂ ਇਸਦੀ ਰਿਪੋਰਟ 0172-2782457 ‘ਤੇ ਕਰ ਸਕਦੇ ਹਨ ਜਾਂ ਸੈਕਟਰ-16 ਸਥਿਤ ਗੌਰਮਿੰਟ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਫੂਡ ਸੇਫਟੀ ਵਿਭਾਗ ਨੂੰ ਸੂਚਿਤ ਕਰ ਸਕਦੇ ਹਨ।
ਤਿਉਹਾਰਾਂ ਦੌਰਾਨ ਚੌਕਸੀ ਲਈ ਵਿਸ਼ੇਸ਼ ਟੀਮਾਂ
ਤਿਉਹਾਰਾਂ ਦੇ ਸੀਜ਼ਨ ਦੇ ਸ਼ੁਰੂ ਹੋਣ ਦੇ ਨਾਲ ਹੀ ਚੰਡੀਗੜ੍ਹ ਫੂਡ ਸੇਫਟੀ ਅਤੇ ਸਟੈਂਡਰਡਜ਼ ਵਿਭਾਗ ਨੇ ਚਾਰ ਵਿਸ਼ੇਸ਼ ਟੀਮਾਂ ਬਣਾਈਆਂ ਹਨ। ਇਹ ਟੀਮਾਂ ਦੁੱਧ, ਘਿਓ, ਖੋਆ, ਪਨੀਰ, ਮਠਿਆਈਆਂ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੇ ਨਮੂਨੇ ਇਕੱਠੇ ਕਰਕੇ ਜਾਂਚ ਲਈ ਭੇਜਣਗੀਆਂ। ਵਿਭਾਗ ਨੇ ਖ਼ਪਤਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਿਰਫ਼ ਲਾਇਸੈਂਸ ਵਾਲੇ ਸਾਫ-ਸੁਥਰੇ ਸਟੋਰਾਂ ਤੋਂ ਖਰੀਦਦਾਰੀ ਕਰਨ ਅਤੇ ਪੈਕੇਟ ਉੱਤੇ ਬੈਚ ਨੰਬਰ, ਐਕਸਪਾਇਰੀ ਡੇਟ ਅਤੇ ਪੋਸ਼ਣ ਸੰਬੰਧੀ ਜਾਣਕਾਰੀ ਦੀ ਜਾਂਚ ਕਰਨ।