ਚੰਡੀਗੜ੍ਹ :- ਚੰਡੀਗੜ੍ਹ ਨਾਲ ਲੱਗਦੇ ਕਾਂਸਲ ਪਿੰਡ ਦੇ ਨੇੜੇ ਸਵੇਰੇ ਇੱਕ ਤੇਜ਼ ਰਫ਼ਤਾਰ ਬਲੈਕ ਥਾਰ ਕਾਰ ਨੇ ਸੜਕ ‘ਤੇ ਕਹਿਰ ਮਚਾ ਦਿੱਤਾ। ਕਾਂਸਲ–ਕੈਂਬਵਾਲਾ ਰੋਡ ‘ਤੇ ਦੌੜ ਰਹੀ ਕਾਰ ਨੇ ਪਹਿਲਾਂ ਸੜਕ ਪਾਰ ਕਰ ਰਹੀ ਗਾਂ ਨੂੰ ਟੱਕਰ ਮਾਰੀ, ਜਿਸ ਨਾਲ ਗਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਕਾਰ ਨੇ ਸਕੂਟੀ ਅਤੇ ਸਾਈਕਲ ਸਵਾਰ ਨੂੰ ਵੀ ਰੌਂਦ ਦਿੱਤਾ।
ਸਾਈਕਲ ਸਵਾਰ ਸਾਹਬ ਲਾਲ ਦੀ ਮੌਕੇ ‘ਤੇ ਹੀ ਮੌਤ
ਸਾਈਕਲ ਸਵਾਰ ਸਾਹਬ ਲਾਲ (35) ਨੂੰ ਕਾਰ ਨੇ ਕਾਫੀ ਦੂਰ ਤੱਕ ਘਸੀਟਿਆ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਕੂਟੀ ਸਵਾਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਸਥਿਤੀ ਚਿੰਤਾਜਨਕ ਦੱਸੀ ਜਾ ਰਹੀ ਹੈ।
ਚਾਰ ਬੱਚਿਆਂ ਦਾ ਪਾਲਣਹਾਰ ਹੋਇਆ ਖ਼ਤਮ
ਮ੍ਰਿਤਕ ਸਾਹਬ ਲਾਲ ਯੂ.ਪੀ. ਦਾ ਨਿਵਾਸੀ ਸੀ ਅਤੇ ਪਿਛਲੇ ਛੇ ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ‘ਚ ਮਜ਼ਦੂਰੀ ਕਰਦਾ ਸੀ। ਉਸਦੇ ਘਰ ‘ਚ ਪਤਨੀ, ਤਿੰਨ ਮੁੰਡੇ ਅਤੇ ਇੱਕ 10 ਸਾਲ ਦੀ ਕੁੜੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਹਾਦਸੇ ਵੇਲੇ ਸਾਈਕਲ ਕਾਰ ਦੇ ਹੇਠਾਂ ਫਸ ਗਈ ਸੀ ਅਤੇ ਥਾਰ ਉਸਨੂੰ ਖਿੱਚਦੀ ਹੋਈ ਅੱਗੇ ਲੈ ਗਈ।
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਥਾਣਾ ਨਵੇਂ ਪਿੰਡ ਦੇ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਹਾਦਸਾ ਬੇਹੱਦ ਖ਼ਤਰਨਾਕ ਢੰਗ ਨਾਲ ਵਾਪਰਿਆ। ਕਾਰ ਡਰਾਈਵਰ ਨੇ ਪਹਿਲਾਂ ਗਾਂ ਨੂੰ ਟੱਕਰ ਮਾਰੀ, ਫਿਰ ਸਕੂਟੀ ਅਤੇ ਸਾਈਕਲ ਸਵਾਰ ਨੂੰ ਰੌਂਦਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਮੁਕੁਲ ਨਾਮਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਸੋਨੀਪਤ ਦਾ ਰਹਿਣ ਵਾਲਾ ਹੈ ਅਤੇ ਚੰਡੀਗੜ੍ਹ ਵਿੱਚ ਪ੍ਰੈਕਟਿਸ ਕਰ ਰਿਹਾ ਸੀ।
ਇਲਾਕੇ ‘ਚ ਰੋਹ, ਲੋਕਾਂ ਨੇ ਮੰਗੀ ਸਖ਼ਤ ਸਜ਼ਾ
ਇਸ ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ‘ਚ ਗੁੱਸੇ ਦਾ ਮਾਹੌਲ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਸੜਕਾਂ ‘ਤੇ ਤੇਜ਼ ਰਫ਼ਤਾਰ ਨਾਲ ਦੌੜਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

