ਮੋਹਾਲੀ :- ਬੁੱਧਵਾਰ ਨੂੰ ਮੋਹਾਲੀ ਦੇ ਐਸਐਸਪੀ ਦਫ਼ਤਰ ਦੇ ਬਿਲਕੁਲ ਨੇੜੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਦਿਨ ਦਿਹਾੜੇ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਨਾਲ ਇਲਾਕਾ ਦਹਿਸ਼ਤ ‘ਚ ਡੁੱਬ ਗਿਆ। ਘਟਨਾ ਵਿੱਚ ਰੁੜਕੀ ਨਿਵਾਸੀ ਗੁਰਪ੍ਰੀਤ ਨੂੰ ਤਿੰਨ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਗੋਲੀਆਂ ਐਸਐਸਪੀ ਦਫ਼ਤਰ ਤੋਂ ਮਹਿਜ਼ ਕਰੀਬ 50 ਮੀਟਰ ਦੀ ਦੂਰੀ ‘ਤੇ ਚਲਾਈਆਂ ਗਈਆਂ, ਜਿਸ ਨਾਲ ਪੁਲਿਸ ਪ੍ਰਸ਼ਾਸਨ ਅਤੇ ਆਮ ਲੋਕਾਂ ਵਿੱਚ ਭਗਦੜ ਮਚ ਗਈ।
ਮੌਕੇ ‘ਤੇ ਹੀ ਤੋੜਿਆ ਦਮ
ਚਸ਼ਮਦੀਦਾਂ ਮੁਤਾਬਕ ਹਮਲਾਵਰ ਨੇ ਗੁਰਪ੍ਰੀਤ ‘ਤੇ ਪਵਾਇੰਟ ਬਲੈਂਕ ਤੋਂ ਫਾਇਰਿੰਗ ਕੀਤੀ। ਤਿੰਨ ਗੋਲੀਆਂ ਲੱਗਣ ਕਾਰਨ ਗੁਰਪ੍ਰੀਤ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਇਲਾਕੇ ਨੂੰ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ।
ਪਤਨੀ ਨੂੰ ਵੀ ਬਣਾਇਆ ਨਿਸ਼ਾਨਾ
ਹਾਦਸੇ ਵੇਲੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਮਲਾਵਰ ਇਥੇ ਹੀ ਨਹੀਂ ਰੁਕਿਆ। ਗੋਲੀਆਂ ਚਲਾਉਣ ਤੋਂ ਬਾਅਦ ਉਸ ਨੇ ਮ੍ਰਿਤਕ ਦੀ ਪਤਨੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਉਸ ਦੀ ਪਿਸਤੌਲ ਜਾਮ ਹੋ ਗਈ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ।
ਪਲਸਰ ਬਾਈਕ ‘ਤੇ ਫਰਾਰ ਹੋਇਆ ਹਮਲਾਵਰ
ਘਟਨਾ ਮਗਰੋਂ ਹਮਲਾਵਰ ਮੌਕੇ ਤੋਂ ਪੈਦਲ ਭੱਜ ਕੇ ਨਿਕਲਿਆ, ਜਿੱਥੇ ਉਸਦਾ ਇਕ ਸਾਥੀ ਪਹਿਲਾਂ ਹੀ ਪਲਸਰ ਮੋਟਰਸਾਈਕਲ ‘ਤੇ ਉਸਦੀ ਉਡੀਕ ਕਰ ਰਿਹਾ ਸੀ। ਦੋਵੇਂ ਬਾਈਕ ‘ਤੇ ਸਵਾਰ ਹੋ ਕੇ ਫਰਾਰ ਹੋ ਗਏ।
ਚਿਹਰਾ ਨਾ ਢੱਕਣਾ ਬਣਿਆ ਹੈਰਾਨੀ ਦਾ ਵਿਸ਼ਾ
ਹੈਰਾਨੀ ਦੀ ਗੱਲ ਇਹ ਰਹੀ ਕਿ ਹਮਲਾਵਰ ਨੇ ਵਾਰਦਾਤ ਦੌਰਾਨ ਨਾ ਤਾਂ ਆਪਣਾ ਚਿਹਰਾ ਢੱਕਿਆ ਹੋਇਆ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਪਰਵਾਹ ਦਿਖਾਈ। ਇਹ ਗੱਲ ਪੁਲਿਸ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ
ਗੋਲੀਆਂ ਚੱਲਣ ਦੀ ਸੂਚਨਾ ਮਿਲਦੇ ਹੀ ਉੱਚ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ। ਇਲਾਕੇ ਤੋਂ ਖੋਖੇ ਇਕੱਠੇ ਕਰ ਕੇ ਸਬੂਤ ਜ਼ਬਤ ਕੀਤੇ ਗਏ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਪੁਲਿਸ ਵੱਲੋਂ ਵੱਡੀ ਜਾਂਚ ਸ਼ੁਰੂ
ਐਸਐਸਪੀ ਦਫ਼ਤਰ ਦੇ ਇੰਨੇ ਨੇੜੇ ਹੋਈ ਇਸ ਦਲੇਰਾਨਾ ਵਾਰਦਾਤ ਨੇ ਪੁਲਿਸ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜੇ ਕਰ ਦਿੱਤੇ ਹਨ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਤਲਾਸ਼ ਲਈ ਨਾਕਾਬੰਦੀ ਕੀਤੀ ਗਈ ਹੈ।

