ਚੰਡੀਗੜ੍ਹ :- ਜੇ ਤੁਸੀਂ ਕੁੱਤਿਆਂ ਦੇ ਸ਼ੌਕੀਨ ਹੋ, ਤਾਂ ਹੁਣ ਤੁਹਾਡਾ ਇਹ ਸ਼ੌਕ ਕੁਝ ਮਹਿੰਗਾ ਸਾਬਤ ਹੋ ਸਕਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਖ਼ਤਰਨਾਕ ਸੁਭਾਅ ਵਾਲੀਆਂ ਕੁੱਤਿਆਂ ਦੀਆਂ ਨਸਲਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਚੰਡੀਗੜ੍ਹ ਪੇਟ ਐਂਡ ਕਮਿਊਨਿਟੀ ਡੌਗ ਬਾਈਲਾਜ਼ ਤਹਿਤ ਲਿਆ ਗਿਆ ਹੈ।
ਇਹ ਨਸਲਾਂ ਹੁਣ ਨਹੀਂ ਰੱਖ ਸਕਦੇ
ਹੁਣ ਚੰਡੀਗੜ੍ਹ ਵਿੱਚ ਹੇਠ ਲਿਖੀਆਂ ਨਸਲਾਂ ਦੇ ਕੁੱਤੇ ਰੱਖਣ ਦੀ ਆਗਿਆ ਨਹੀਂ ਹੋਵੇਗੀ —
ਅਮਰੀਕਨ ਬੁੱਲ ਡੌਗ, ਅਮਰੀਕਨ ਪਿਟਬੁੱਲ, ਪਿਟਬੁੱਲ ਟੈਰੀਅਰ, ਬੁੱਲ ਟੈਰੀਅਰ, ਕੇਨ ਕੋਰਸੋ, ਡੋਗੋ ਅਰਜਨਟੀਨੋ ਅਤੇ ਰੋਟਵੀਲਰ।
ਇਹ ਸਾਰੀਆਂ ਨਸਲਾਂ ਆਪਣੇ ਖਤਰਨਾਕ ਸੁਭਾਅ ਅਤੇ ਹਮਲਾਵਰ ਮਿਜ਼ਾਜ ਲਈ ਮਸ਼ਹੂਰ ਹਨ।
ਘਰ ਦੇ ਆਕਾਰ ਅਨੁਸਾਰ ਹੁਣ ਸੀਮਤ ਹੋਵੇਗਾ ਕੁੱਤਿਆਂ ਦਾ ਗਿਣਤੀ
ਨਵੇਂ ਨਿਯਮਾਂ ਮੁਤਾਬਿਕ, ਹੁਣ ਘਰ ਦੇ ਆਕਾਰ ਅਨੁਸਾਰ ਕੁੱਤੇ ਰੱਖਣ ਦੀ ਗਿਣਤੀ ਤੈਅ ਕੀਤੀ ਗਈ ਹੈ —
-
5 ਮਰਲੇ ਤੱਕ ਦੇ ਘਰ ਵਿੱਚ – 1 ਕੁੱਤਾ
-
5 ਤੋਂ 12 ਮਰਲੇ – 2 ਕੁੱਤੇ
-
12 ਮਰਲੇ ਤੋਂ 1 ਕਨਾਲ – 3 ਕੁੱਤੇ
-
1 ਕਨਾਲ ਤੋਂ ਵੱਡੇ ਘਰ ਵਿੱਚ – 4 ਕੁੱਤੇ ਤੱਕ
ਇਸ ਤੋਂ ਇਲਾਵਾ, ਸੁਖਨਾ ਝੀਲ, ਰੋਜ਼ ਗਾਰਡਨ, ਸ਼ਾਂਤੀਕੁੰਜ, ਲੀਜ਼ਰ ਵੈਲੀ, ਮਿੰਨੀ ਰੋਜ਼ ਗਾਰਡਨ, ਟੈਰੇਸ ਗਾਰਡਨ, ਸ਼ਿਵਾਲਿਕ ਗਾਰਡਨ ਅਤੇ ਬੋਟੈਨਿਕਲ ਗਾਰਡਨ ਵਰਗੀਆਂ ਜਨਤਕ ਥਾਵਾਂ ‘ਤੇ ਪਾਲਤੂ ਕੁੱਤਿਆਂ ਨੂੰ ਲਿਜਾਣ ਦੀ ਮਨਾਹੀ ਹੋਵੇਗੀ।
ਕੁੱਤੇ ਦੇ ਕੱਟਣ ‘ਤੇ ਮਾਲਕ ਹੋਵੇਗਾ ਜ਼ਿੰਮੇਵਾਰ
ਪ੍ਰਸ਼ਾਸਨ ਦੇ ਨਵੇਂ ਨਿਯਮਾਂ ਅਨੁਸਾਰ, ਜੇਕਰ ਕੋਈ ਰਜਿਸਟਰਡ ਕੁੱਤਾ ਕਿਸੇ ਵਿਅਕਤੀ ਜਾਂ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਉਸਦਾ ਪੂਰਾ ਜ਼ਿੰਮੇਵਾਰ ਮਾਲਕ ਹੋਵੇਗਾ।
ਮਾਲਕ ਨੂੰ ਪੀੜਤ ਵਿਅਕਤੀ ਨੂੰ ਮੁਆਵਜ਼ਾ ਜਾਂ ਇਲਾਜ ਦਾ ਖਰਚਾ ਦੇਣਾ ਪਵੇਗਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਮੁਆਵਜ਼ਾ ਪ੍ਰਤੀ ਕੱਟਣ 10 ਹਜ਼ਾਰ ਰੁਪਏ ਤੈਅ ਕੀਤਾ ਹੈ। ਇਸ ਤਰ੍ਹਾਂ ਦੇ 150 ਤੋਂ ਵੱਧ ਕੇਸਾਂ ਵਿੱਚ ਮੁਆਵਜ਼ਾ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ।
ਜਨਤਕ ਥਾਵਾਂ ਤੇ ਸਫਾਈ ਦਾ ਨਿਯਮ
ਜੇਕਰ ਕੋਈ ਕੁੱਤਾ ਸੜਕ ਜਾਂ ਪਾਰਕ ਵਿੱਚ ਮਲ ਤਿਆਗਦਾ ਹੈ, ਤਾਂ ਮਾਲਕ ਨੂੰ ਉਹ ਸਾਫ਼ ਕਰਨਾ ਲਾਜ਼ਮੀ ਹੈ।
ਇਹ ਨਾ ਕਰਨ ‘ਤੇ 10 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਅਵਾਰਾ ਕੁੱਤਿਆਂ ਨੂੰ ਖੁਆਉਣ ਲਈ ਵੀ ਕੇਵਲ ਨਿਰਧਾਰਤ ਖੇਤਰਾਂ ਦੀ ਇਜਾਜ਼ਤ ਹੈ, ਜੋ RWA ਦੇ ਸਹਿਯੋਗ ਨਾਲ ਤੈਅ ਕੀਤੇ ਗਏ ਹਨ।
ਕੁੱਤੇ ਲਈ ਧਾਤ ਦਾ ਟੋਕਨ ਅਤੇ ਪੱਟਾ ਲਾਜ਼ਮੀ
ਕਿਸੇ ਵੀ ਪਾਲਤੂ ਕੁੱਤੇ ਨੂੰ ਘਰ ਤੋਂ ਬਾਹਰ ਲਿਜਾਂਦੇ ਸਮੇਂ ਗਰਦਨ ‘ਤੇ ਪੱਟਾ ਅਤੇ ਧਾਤ ਦਾ ਟੋਕਨ ਲਗਾਉਣਾ ਲਾਜ਼ਮੀ ਹੋਵੇਗਾ।
ਟੋਕਨ ‘ਚ ਕੁੱਤੇ ਦਾ ਨਾਮ, ਮਾਲਕ ਦੀ ਜਾਣਕਾਰੀ ਅਤੇ ਟੀਕਾਕਰਨ ਦਾ ਰਿਕਾਰਡ ਦਰਜ ਹੋਵੇਗਾ।
ਜੇਕਰ ਪੱਟੇ ਦੇ ਬਿਨਾ ਕੁੱਤਾ ਕਿਸੇ ‘ਤੇ ਹਮਲਾ ਕਰਦਾ ਹੈ, ਤਾਂ ਇਸਦੀ ਪੂਰੀ ਜ਼ਿੰਮੇਵਾਰੀ ਮਾਲਕ ‘ਤੇ ਹੋਵੇਗੀ।
ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਨਵੇਂ ਨਿਯਮ ਲੋਕਾਂ ਦੀ ਸੁਰੱਖਿਆ ਅਤੇ ਜਨਤਕ ਸਫਾਈ ਨੂੰ ਧਿਆਨ ਵਿੱਚ ਰੱਖਕੇ ਬਣਾਏ ਗਏ ਹਨ।
ਉਲੰਘਣਾ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

