ਚੰਡੀਗੜ੍ਹ :- ਪੰਜਾਬ ਦੀ ਰਾਜਧਾਨੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨਾਲ ਜੁੜੇ ਜਨਹਿੱਤੀ ਮਸਲਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਅਤੇ ਪ੍ਰਸ਼ਾਸਕ ਦੀ ਸਲਾਹਕਾਰ ਕੌਂਸਲ ਦੇ ਮੈਂਬਰ ਵਿਜੈਪਾਲ ਸਿੰਘ ਨੇ ਯੂ.ਟੀ. ਪ੍ਰਸ਼ਾਸਕ ਨੂੰ ਵਿਸਥਾਰਪੂਰਕ ਪੱਤਰ ਲਿਖਿਆ ਹੈ। ਪੱਤਰ ਰਾਹੀਂ ਉਨ੍ਹਾਂ ਸ਼ਹਿਰ ਵਿੱਚ ਲੰਮੇ ਸਮੇਂ ਤੋਂ ਲਟਕੇ ਹੋਏ ਮਾਮਲਿਆਂ ਵੱਲ ਧਿਆਨ ਦਿਵਾਉਂਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਪਹਿਲੀ ਮੀਟਿੰਗ ਦੇ ਫੈਸਲੇ ਅਜੇ ਤੱਕ ਫਾਈਲਾਂ ‘ਚ ਕੈਦ
ਵਿਜੈਪਾਲ ਸਿੰਘ ਨੇ ਪੱਤਰ ਵਿੱਚ ਅਫ਼ਸੋਸ ਜ਼ਾਹਰ ਕਰਦਿਆਂ ਲਿਖਿਆ ਕਿ ਸਲਾਹਕਾਰ ਕੌਂਸਲ ਦੀ ਪਹਿਲੀ ਮੀਟਿੰਗ ਦੌਰਾਨ ਕਈ ਜ਼ਰੂਰੀ ਮੁੱਦੇ ਚੁੱਕੇ ਗਏ ਸਨ, ਪਰ ਮਹੀਨੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ‘ਤੇ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਸ ਕਾਰਨ ਆਮ ਲੋਕਾਂ ਅਤੇ ਕਰਮਚਾਰੀਆਂ ਵਿੱਚ ਨਿਰਾਸ਼ਾ ਵਧ ਰਹੀ ਹੈ।
ਪੈਨਸ਼ਨ ‘ਚ ਵੱਡਾ ਅੰਤਰ, ਤੁਰੰਤ ਵਾਧੇ ਦੀ ਮੰਗ
AAP ਪ੍ਰਧਾਨ ਨੇ ਧਿਆਨ ਦਿਵਾਇਆ ਕਿ ਹੋਰ ਰਾਜਾਂ ਵਿੱਚ ਬੁਜ਼ੁਰਗਾਂ ਨੂੰ 3,500 ਰੁਪਏ ਤੋਂ ਵੱਧ ਮਹੀਨਾਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ, ਜਦਕਿ ਚੰਡੀਗੜ੍ਹ ਵਿੱਚ ਇਹ ਰਕਮ ਸਿਰਫ਼ 1,000 ਰੁਪਏ ਤੱਕ ਸੀਮਿਤ ਹੈ। ਉਨ੍ਹਾਂ ਪਹਿਲਾਂ ਪ੍ਰਸਤਾਵਿਤ 3,000 ਰੁਪਏ ਦੇ ਵਾਧੇ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ।
ਯੂ.ਟੀ. ਕਰਮਚਾਰੀਆਂ ਲਈ ਸਿਹਤ ਸਕੀਮ ਦੀ ਲੋੜ
ਪੱਤਰ ਵਿੱਚ ਕਿਹਾ ਗਿਆ ਕਿ ਪ੍ਰਸ਼ਾਸਨ ਦੇ ਕਰਮਚਾਰੀਆਂ ਲਈ ਇੱਕ ਵਿਆਪਕ ਅਤੇ ਪ੍ਰਭਾਵਸ਼ਾਲੀ ਸਿਹਤ ਸਕੀਮ ਬਣਾਈ ਜਾਵੇ, ਤਾਂ ਜੋ ਉਨ੍ਹਾਂ ਨੂੰ ਮਿਆਰੀ ਮੈਡੀਕਲ ਇਲਾਜ ਅਤੇ ਵਿੱਤੀ ਸੁਰੱਖਿਆ ਮਿਲ ਸਕੇ।
CTU ਬੱਸਾਂ ਬੰਦ ਹੋਣ ਨਾਲ ਸੈਂਕੜੇ ਵਰਕਰ ਬੇਰੁਜ਼ਗਾਰ
ਸੀ.ਟੀ.ਯੂ. ਦੀਆਂ 100 ਡੀਜ਼ਲ ਬੱਸਾਂ ਬੰਦ ਹੋਣ ਕਾਰਨ ਲਗਭਗ 300 ਕੰਟਰੈਕਟ ਡਰਾਈਵਰ ਅਤੇ ਕੰਡਕਟਰ ਬੇਰੁਜ਼ਗਾਰ ਹੋ ਗਏ ਹਨ। ਵਿਜੈਪਾਲ ਸਿੰਘ ਨੇ ਇਨ੍ਹਾਂ ਵਰਕਰਾਂ ਲਈ ਸਥਾਈ ਨੀਤੀ ਅਤੇ ਰੋਜ਼ਗਾਰ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।
ਖੇਡਾਂ ਲਈ ਬੁਨਿਆਦੀ ਢਾਂਚੇ ਦੀ ਘਾਟ ‘ਤੇ ਚਿੰਤਾ
ਚੰਡੀਗੜ੍ਹ ਨੂੰ ਸਪੋਰਟਸ ਹੱਬ ਬਣਾਉਣ ਦੇ ਐਲਾਨ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵਾਲੀਬਾਲ ਸਮੇਤ ਕਈ ਖੇਡਾਂ ਲਈ ਅੰਤਰਰਾਸ਼ਟਰੀ ਮਿਆਰ ਦੇ ਇੰਡੋਰ ਹਾਲ ਮੌਜੂਦ ਨਹੀਂ ਹਨ। ਪਿੰਡਾਂ ਵਿੱਚ ਸਟੇਡੀਅਮ ਬਣਾਉਣ ਅਤੇ ਖਿਡਾਰੀਆਂ ਦੀ ਭਰਤੀ ਲਈ ਸਪੱਸ਼ਟ ਨੀਤੀ ਬਣਾਉਣ ਦੀ ਮੰਗ ਵੀ ਕੀਤੀ ਗਈ।
ਜਨਹਿੱਤ ਨਾਲ ਜੁੜੇ ਮਸਲਿਆਂ ‘ਤੇ ਤੁਰੰਤ ਕਾਰਵਾਈ ਦੀ ਅਪੀਲ
AAP ਪ੍ਰਧਾਨ ਨੇ ਯੂ.ਟੀ. ਪ੍ਰਸ਼ਾਸਕ ਨੂੰ ਅਪੀਲ ਕੀਤੀ ਕਿ ਇਹ ਸਾਰੇ ਮੁੱਦੇ ਸਿੱਧੇ ਤੌਰ ‘ਤੇ ਆਮ ਲੋਕਾਂ ਨਾਲ ਜੁੜੇ ਹਨ ਅਤੇ ਇਨ੍ਹਾਂ ‘ਤੇ ਬਿਨਾਂ ਹੋਰ ਦੇਰੀ ਠੋਸ ਫੈਸਲੇ ਲਏ ਜਾਣ, ਤਾਂ ਜੋ ਚੰਡੀਗੜ੍ਹ ਵਾਸੀਆਂ ਨੂੰ ਹਕੀਕਤੀ ਰਾਹਤ ਮਿਲ ਸਕੇ।

