ਚੰਡੀਗੜ੍ਹ :- ਵਿਦੇਸ਼ ਰੋਜ਼ਗਾਰ ਲਈ ਗਏ ਪੰਜਾਬੀਆਂ ਨਾਲ ਜੁੜੀਆਂ ਚਿੰਤਾਜਨਕ ਖ਼ਬਰਾਂ ਵਿਚ ਹੋਰ ਵਾਧਾ ਹੋਇਆ ਹੈ। ਅਮਰੀਕਾ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੰਡਵੀ ਦਾ ਨੌਜਵਾਨ ਕਰਨਦੀਪ ਸਿੰਘ ਪਿਛਲੇ ਕਈ ਦਿਨਾਂ ਤੋਂ ਗੁੰਮ ਹੈ।
8 ਅਕਤੂਬਰ ਤੋਂ ਨਹੀਂ ਹੋਇਆ ਕੋਈ ਸੰਪਰਕ
ਪਰਿਵਾਰ ਦੇ ਅਨੁਸਾਰ ਕਰਨਦੀਪ ਸਿੰਘ ਨਾਲ ਆਖਰੀ ਵਾਰ 8 ਅਕਤੂਬਰ ਨੂੰ ਮੋਬਾਈਲ ਅਤੇ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ ਸੀ। ਇਸ ਤੋਂ ਬਾਅਦ ਕਾਲਾਂ, ਮੈਸੇਜ ਅਤੇ ਵੀਡੀਓ ਕਾਲਾਂ ਦੇ ਬਾਵਜੂਦ ਕੋਈ ਜਵਾਬ ਨਹੀਂ ਆਇਆ ਅਤੇ ਹੁਣ ਉਸਦਾ ਫ਼ੋਨ ਸਵਿੱਚ ਆਫ਼ ਆ ਰਿਹਾ ਹੈ।
ਸੈਲਮ ਸ਼ਹਿਰ ਦੇ ਸਟੋਰ ਵਿੱਚ ਕਰਦਾ ਸੀ ਕੰਮ
ਭਾਰਤ ਪਰਿਵਾਰ ਦੇ ਮੁਤਾਬਕ, ਕਰਨਦੀਪ ਸਿੰਘ ਔਰੇਗਨ ਸੂਬੇ ਦੇ ਸੈਲਮ ਸ਼ਹਿਰ ਵਿੱਚ ਇੱਕ ਸਟੋਰ ‘ਚ ਨੌਕਰੀ ਕਰਦਾ ਸੀ। ਉਸਦੀ ਲਾਪਤਾ ਹੋਣ ਦੀ ਖ਼ਬਰ ਨੇ ਪਰਿਵਾਰ ਅਤੇ ਇਲਾਕੇ ਵਿੱਚ ਚਿੰਤਾ ਵਧਾ ਦਿੱਤੀ ਹੈ।
ਪਰਿਵਾਰ ‘ਤੇ ਆਰਥਿਕ ਅਤੇ ਮਾਨਸਿਕ ਦੋਹਰਾ ਝਟਕਾ
ਕਰਨਦੀਪ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਣ ਲਈ ਢਾਈ ਕਿਲੇ ਜ਼ਮੀਨ ਵੇਚੀ ਸੀ, ਜੋ ਪਰਿਵਾਰ ਦੀ ਇਕੱਲੀ ਕਮਾਈ ਦਾ ਸਰੋਤ ਸੀ। ਹੁਣ ਪੁੱਤਰ ਦੇ ਲਾਪਤਾ ਹੋਣ ਕਾਰਨ ਉਹ ਡੂੰਘੇ ਸਦਮੇ ‘ਚ ਹਨ।
ਸਰਕਾਰਾਂ ਨੂੰ ਅਪੀਲ: ਪਰਿਵਾਰ ਨੂੰ ਚਾਹੀਦੀ ਮਦਦ
ਪਰਿਵਾਰ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਕਰਨਦੀਪ ਦੀ ਖੋਜ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਉਸਦੀ ਖੈਰ-ਖ਼ਬਰੀ ਪਰਿਵਾਰ ਤੱਕ ਪਹੁੰਚਾਈ ਜਾਵੇ।