ਚੰਡੀਗੜ੍ਹ :- ਰਿਸ਼ਵਤ ਮਾਮਲੇ ਵਿੱਚ ਗਿਰਫ਼ਤਾਰ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਇੱਕ ਹੋਰ ਐਫਆਈਆਰ ਦਰਜ ਹੋ ਗਈ ਹੈ। ਸਰਕਾਰ ਵੱਲੋਂ ਸਸਪੈਂਸ਼ਨ ਦੇ ਹੁਕਮ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਸਮਰਾਲਾ ਪੁਲਿਸ ਨੇ ਨਵਾਂ ਮਾਮਲਾ ਦਰਜ ਕਰ ਲਿਆ।
ਫਾਰਮ ਹਾਊਸ ‘ਤੇ ਛਾਪਾ, ਮਹਿੰਗੀ ਸ਼ਰਾਬ ਮਿਲੀ
ਸੀਬੀਆਈ ਨੇ ਬੌਂਦਲੀ ਪਿੰਡ ਸਥਿਤ ਮਹਿਲ ਫਾਰਮ ਦੀ ਤਲਾਸ਼ੀ ਦੌਰਾਨ 108 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ। ਬਾਜ਼ਾਰ ਮੁੱਲ ਲਗਭਗ 2.89 ਲੱਖ ਰੁਪਏ ਅਨੁਮਾਨਿਤ ਕੀਤਾ ਗਿਆ ਹੈ।
ਜ਼ਿੰਦਾ ਕਾਰਤੂਸ ਵੀ ਬਰਾਮਦ
ਤਲਾਸ਼ੀ ਦੌਰਾਨ ਜਾਂਚ ਟੀਮ ਨੂੰ 17 ਜ਼ਿੰਦਾ ਕਾਰਤੂਸ ਵੀ ਮਿਲੇ, ਜਿਨ੍ਹਾਂ ਦੀ ਕਾਨੂੰਨੀ ਮਾਲਕੀ ਸੰਬੰਧੀ ਕੋਈ ਦਸਤਾਵੇਜ਼ ਮੌਜੂਦ ਨਹੀਂ ਸੀ। ਪੁਲਿਸ ਸੰਭਾਵਨਾ ਜ਼ਤਾਈ ਹੈ ਕਿ ਅਸਲਾ ਐਕਟ ਦੀਆਂ ਹੋਰ ਧਾਰਾਵਾਂ ਵੀ ਮਾਮਲੇ ਵਿੱਚ ਜੋੜੀਆਂ ਜਾ ਸਕਦੀਆਂ ਹਨ।
ਫਾਰਮ ਹਾਊਸ ਰੈਂਟ ‘ਤੇ ਵੀ ਦਿੱਤਾ ਜਾਂਦਾ ਸੀ
ਪਿੰਡ ਵਾਸੀਆਂ ਦੇ ਮੁਤਾਬਕ ਇਹ ਫਾਰਮ ਹਾਊਸ ਵਿਆਹ ਤੋਂ ਪਹਿਲਾਂ ਦੀਆਂ ਫੋਟੋ/ਵੀਡੀਓ ਸ਼ੂਟਿੰਗਾਂ ਅਤੇ ਗੀਤਾਂ ਦੀ ਰਿਕਾਰਡਿੰਗ ਲਈ ਕਿਰਾਏ ‘ਤੇ ਵਰਤਿਆ ਜਾਂਦਾ ਰਿਹਾ ਹੈ।
ਐਫਆਈਆਰ ਆਬਕਾਰੀ ਐਕਟ ਤਹਿਤ ਦਰਜ
ਸੀਬੀਆਈ ਇੰਸਪੈਕਟਰ ਰੋਮੀਪਾਲ ਦੇ ਬਿਆਨ ‘ਤੇ ਸਮਰਾਲਾ ਪੁਲਿਸ ਨੇ ਆਬਕਾਰੀ ਐਕਟ ਦੀ ਧਾਰਾ 61, 1 ਅਤੇ 14 ਤਹਿਤ ਐਫਆਈਆਰ ਦਰਜ ਕੀਤੀ। ਸ਼ਰਾਬ ਨੂੰ ਐਕਸਾਈਜ਼ ਅਧਿਕਾਰੀਆਂ ਦੀ ਮੌਜੂਦਗੀ ‘ਚ ਕਬਜ਼ੇ ਵਿੱਚ ਲਿਆ ਗਿਆ।