ਚੰਡੀਗੜ੍ਹ :- ਰੋਪੜ ਰੇਂਜ ਦੇ (DIG) ਡੀਆਈਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਰਿਸ਼ਵਤ ਦੀ ਸ਼ਿਕਾਇਤ ਕਰਨ ਵਾਲੇ ਸਕ੍ਰੈਪ ਡੀਲਰ ਆਕਾਸ਼ ਬੱਤਾ ਨੂੰ ਹਾਈ ਕੋਰਟ ਵਲੋਂ ਸੁਰੱਖਿਆ ਪ੍ਰਦਾਨ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਵਪਾਰੀ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ।
ਹਾਈ ਕੋਰਟ ਦੇ ਸਰਕਾਰ ਅਤੇ ਸੀਬੀਆਈ ਨੂੰ ਹੁਕਮ
ਪਟੀਸ਼ਨ ਦੀ ਸੁਣਵਾਈ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਅਤੇ ਸੀਬੀਆਈ ਦੋਵਾਂ ਨੂੰ ਆਰਜ਼ੀਕਰਤਾ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਹ ਫ਼ੈਸਲਾ ਕੇਸ ਨੂੰ ਲੈ ਕੇ ਵੱਡੇ ਪੱਧਰ ‘ਤੇ ਹੋ ਰਹੇ ਖੁਲਾਸਿਆਂ ਦੇ ਮੱਦੇਨਜ਼ਰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਟਰੈਪ ਦੌਰਾਨ ਡੀਆਈਜੀ ਮੋਹਾਲੀ ਦਫ਼ਤਰ ਵਿੱਚ ਗ੍ਰਿਫ਼ਤਾਰ
16 ਅਕਤੂਬਰ ਨੂੰ ਸੀਬੀਆਈ ਨੇ ਮੋਹਾਲੀ ਸਥਿਤ ਦਫ਼ਤਰ ਵਿੱਚ ਟਰੈਪ ਲਗਾ ਕੇ (DIG) ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਕਾਬੂ ਕੀਤਾ। ਇਸ ਮਾਮਲੇ ਵਿੱਚ ਉਨ੍ਹਾਂ ਦਾ ਨਜ਼ਦੀਕੀ ਵਿਚੋਲਾ ਚੰਡੀਗੜ੍ਹ ਸੈਕਟਰ-21 ਵਿਚ ਆਕਾਸ਼ ਬੱਤਾ ਤੋਂ ਰਿਸ਼ਵਤ ਲੈਂਦੇ ਫੜਿਆ ਗਿਆ।
8 ਲੱਖ ਦੀ ਰਕਮ ਦੀ ਪੁਸ਼ਟੀ ਤੋਂ ਬਾਅਦ ਕਾਰਵਾਈ
ਜਾਂਚ ਦੌਰਾਨ ਮੱਧਸਥ ਨੇ ਫੋਨ ‘ਤੇ ਡੀਆਈਜੀ ਨੂੰ ਦੱਸਿਆ ਕਿ “8 ਲੱਖ ਮਿਲ ਗਏ”, ਜਿਸ ਤੋਂ ਬਾਅਦ (DIG) ਡੀਆਈਜੀ ਨੇ ਦੋਵਾਂ ਨੂੰ ਆਪਣੇ ਦਫ਼ਤਰ ਬੁਲਾਇਆ। ਜਿਉਂਹੀ ਰਕਮ ਹਵਾਲੇ ਹੋਈ, ਸੀਬੀਆਈ ਨੇ ਤੁਰੰਤ ਡੀਆਈਜੀ ਨੂੰ ਗਿਰਫ਼ਤਾਰ ਕਰ ਲਿਆ।
ਛਾਪੇਮਾਰੀ ਵਿੱਚ ਕ੍ਰੋੜਾਂ ਦੀ ਨਕਦੀ ਤੇ ਗਹਿਣੇ ਬਰਾਮਦ
ਗ੍ਰਿਫ਼ਤਾਰੀ ਤੋਂ ਬਾਅਦ ਸੀਬੀਆਈ ਅਤੇ ਚੰਡੀਗੜ੍ਹ-ਦਿੱਲੀ ਟੀਮਾਂ ਨੇ (DIG) ਡੀਆਈਜੀ ਦੇ ਘਰ, ਦਫ਼ਤਰ ਅਤੇ ਹੋਰ ਟਿਕਾਣਿਆਂ ‘ਤੇ ਛਾਪੇ ਮਾਰੇ, ਜਿੱਥੋਂ ਵੱਡੀ ਸੰਪਤੀ ਅਤੇ ਨਕਦੀ ਹਾਸਲ ਕੀਤੀ ਗਈ।
ਬਰਾਮਦਗੀ ਦਾ ਵਿਵਰਣ
-
ਲਗਭਗ 7.5 ਕਰੋੜ ਰੁਪਏ ਦੀ ਨਕਦੀ
-
26 ਲਗਜ਼ਰੀ ਘੜੀਆਂ ਅਤੇ ਤਕਰੀਬਨ 2.5 ਕਿਲੋ ਸੋਨੇ ਦੇ ਗਹਿਣੇ
-
50 ਤੋਂ ਵੱਧ ਅਚੱਲ ਜਾਇਦਾਦਾਂ ਦੇ ਦਸਤਾਵੇਜ਼
-
ਲਾਕਰਾਂ ਦੀਆਂ ਚਾਬੀਆਂ ਅਤੇ ਕਈ ਬੈਂਕ ਖਾਤਿਆਂ ਦੇ ਵੇਰਵੇ
-
ਚਾਰ ਹਥਿਆਰ ਅਤੇ ਕਰੀਬ 100 ਜ਼ਿੰਦਾ ਕਾਰਤੂਸ
ਫਾਰਮ ਹਾਊਸ ਤੋਂ ਵੀ ਬਰਾਮਦਗੀ
ਸਮਰਾਲਾ ਨੇੜੇ ਫਾਰਮ ਹਾਊਸ ‘ਚੋਂ
108 ਸ਼ਰਾਬ ਦੀਆਂ ਬੋਤਲਾਂ
5.7 ਲੱਖ ਨਕਦ
17 ਜ਼ਿੰਦਾ ਕਾਰਤੂਸ
ਜਬਤ ਕੀਤੇ ਗਏ
ਵਿਚੋਲੇ ਦੇ ਘਰ ਤੋਂ ਅਤਿਰਿਕਤ ਨਕਦੀ
ਕਾਰਵਾਈ ਦੌਰਾਨ ਵਿਚੋਲੇ ਦੇ ਨਿਵਾਸ ਸਥਾਨ ਤੋਂ 21 ਲੱਖ ਰੁਪਏ ਨਕਦ ਮਿਲੇ, ਜਿਸ ਨਾਲ ਰਿਸ਼ਵਤਖੋਰੀ ਦੇ ਜਾਲ ਦੀ ਕੜੀ ਹੋਰ ਮਜ਼ਬੂਤ ਹੋ ਗਈ ਹੈ।
ਅਗਲਾ ਪੜਾਅ – ਪੁੱਛਗਿੱਛ ਤੇ ਜਾਇਦਾਦ ਦੀ ਛਾਨਬੀਨ
ਸੀਬੀਆਈ ਹੁਣ ਡੀਆਈਜੀ ਤੋਂ ਜਾਇਦਾਦਾਂ ਦੇ ਸਰੋਤ, ਨਕਦੀ ਦੇ ਮੂਲ ਅਤੇ ਰਿਸ਼ਤੇਦਾਰਾਂ/ਸਾਥੀਆਂ ਦੇ ਭੂਮਿਕਾ ਬਾਰੇ ਪੁੱਛਗਿੱਛ ਕਰ ਰਹੀ ਹੈ। ਇਸੇ ਦੌਰਾਨ ਹਾਈ ਕੋਰਟ ਦੀ ਸੁਰੱਖਿਆ ਦੇ ਆਦੇਸ਼ ਨਾਲ ਕੇਸ ਦੇ ਮੁੱਖ ਗਵਾਹ ਦੀ ਰੱਖਿਆ ਯਕੀਨੀ ਹੋ ਗਈ ਹੈ।