ਅੰਮ੍ਰਿਤਸਰ :- ਜਿੱਥੇ ਪੰਜਾਬ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਲਗਾਤਾਰ ਪਹਿਲੇ ਸਥਾਨ ’ਤੇ ਹੈ, ਉੱਥੇ ਹੀ ਪਰਾਲੀ ਸਾੜਨ ਤੋਂ ਨਿਕਲਣ ਵਾਲਾ ਧੂੰਆਂ ਹਵਾਵਾਂ ਵਿੱਚ ਮਿਲ ਕੇ ਆਮ ਲੋਕਾਂ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਦਾ ਏਅਰ ਕੁਆਲਿਟੀ ਇੰਡੈਕਸ (AQI) ਇਸ ਵੇਲੇ 179 ਤੱਕ ਪਹੁੰਚ ਗਿਆ ਹੈ ਜੋ ਆਮ ਹੱਦ ਤੋਂ ਤਿੰਨ ਗੁਣਾ ਵੱਧ ਹੈ। ਹਾਲਾਂਕਿ ਦੀਵਾਲੀ ਦਾ ਤਿਉਹਾਰ ਅਜੇ ਆਇਆ ਨਹੀਂ ਹੈ, ਪਰ ਜਦੋਂ ਇਸ ਵਿੱਚ ਦਿਵਾਲੀ ਦਾ ਧੂੰਆਂ ਵੀ ਸ਼ਾਮਲ ਹੋਵੇਗਾ, ਤਾਂ ਏਅਰ ਕੁਆਲਿਟੀ ਹੋਰ ਜ਼ਿਆਦਾ ਪ੍ਰਭਾਵਿਤ ਹੋ ਸਕਦੀ ਹੈ।
ਪ੍ਰਸ਼ਾਸਨ ਦੀ ਪਹਿਲਕਦਮੀ
ਅੰਮ੍ਰਿਤਸਰ ਡੀ. ਸੀ. ਸਾਕਸ਼ੀ ਸਾਹਨੀ ਨੇ ਮਹੀਨੇ ਪਹਿਲਾਂ ਹੀ ਵੱਖ-ਵੱਖ ਵਿਭਾਗਾਂ ਦੀਆਂ ਸਾਂਝੀਆਂ ਟੀਮਾਂ ਬਣਾਈਆਂ, ਜਿਨ੍ਹਾਂ ਵਿੱਚ ਖੇਤੀਬਾੜੀ, ਪ੍ਰਦੂਸ਼ਣ ਕੰਟਰੋਲ, ਮਾਲ ਵਿਭਾਗ ਅਤੇ ਹੋਰ ਸੇਵਾ ਵਿਭਾਗ ਸ਼ਾਮਲ ਹਨ। ਇਹ ਟੀਮਾਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਅਤੇ ਵਧੀਆ ਵਿਕਲਪਾਂ ਬਾਰੇ ਜਾਣੂ ਕਰ ਰਹੀਆਂ ਹਨ।