ਲੁਧਿਆਣਾ :- ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਕੇਂਦਰ ਸਰਕਾਰ ਵੱਲੋਂ ਮਦਦ ਦੇ ਐਲਾਨਾਂ ਵਿਚ ਇਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਕੇਂਦਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਲੁਧਿਆਣਾ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਸਾਨਾਂ ਅਤੇ ਹੜ੍ਹ ਪੀੜਤ ਪਰਿਵਾਰਾਂ ਲਈ ਵੱਡੇ ਰਾਹਤ ਪੈਕੇਜ ਦਾ ਐਲਾਨ ਕੀਤਾ।
ICAR ਮੱਕੀ ਸੰਸਥਾ ਦੀ ਨਵੀਂ ਇਮਾਰਤ ਦਾ ਉਦਘਾਟਨ
ਦੌਰੇ ਦੀ ਸ਼ੁਰੂਆਤ ਸ਼ਿਵਰਾਜ ਚੌਹਾਨ ਨੇ ਲਾਡੋਵਾਲ ਸਥਿਤ ICAR ਮੱਕੀ ਖੋਜ ਸੰਸਥਾ ਤੋਂ ਕੀਤੀ, ਜਿੱਥੇ ਉਨ੍ਹਾਂ ਨੇ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਸਮਾਗਮ ਦੌਰਾਨ ਉਨ੍ਹਾਂ ਨੇ ਸ਼ਲੋਕ ਪੜ੍ਹ ਕੇ ਕਾਰਜ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕੇਂਦਰੀ ਰਾਜ ਮੰਤਰੀ ਭਾਗੀਰਥ ਚੌਧਰੀ, ਰਵਨੀਤ ਸਿੰਘ ਬਿੱਟੂ ਤੇ ਪੰਜਾਬ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੰਡੀਆ ਵੀ ਮੌਜੂਦ ਸਨ।
ਹੜ੍ਹ ਨਾਲ ਨੁਕਸਾਨੇ ਪਰਿਵਾਰਾਂ ਲਈ ਕੇਂਦਰੀ ਸਹਾਇਤਾ
ਚੌਹਾਨ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਤਬਾਹ ਹੋਏ 36,703 ਘਰਾਂ ਦੀ ਪੁਨਰਤਾਮੀਰ ਲਈ ਹਰ ਪਰਿਵਾਰ ਨੂੰ ₹1.60 ਲੱਖ ਦੀ ਮਾਲੀ ਮਦਦ ਦਿੱਤੀ ਜਾਵੇਗੀ। ਇਹ ਰਕਮ ਉਨ੍ਹਾਂ ਨੇ ਮੰਤਰੀ ਗੁਰਮੀਤ ਸਿੰਘ ਖੁੰਡੀਆ ਨੂੰ ਸੌਂਪੀ। ਨਾਲ ਹੀ ਉਨ੍ਹਾਂ ਕਿਹਾ ਕਿ ਹਰ ਨਵੇਂ ਘਰ ਲਈ ₹1.20 ਲੱਖ ਅਤੇ ਮਜ਼ਦੂਰੀ ਤੇ ਟਾਇਲਟ ਨਿਰਮਾਣ ਲਈ ਵੱਖਰੇ ₹40 ਹਜ਼ਾਰ ਜਾਰੀ ਕੀਤੇ ਜਾਣਗੇ।
ਕਿਸਾਨਾਂ ਲਈ ਨਵੇਂ ਐਲਾਨ
ਕੇਂਦਰੀ ਮੰਤਰੀ ਨੇ ਕਪਾਹ ਦੇ ਬੀਜਾਂ ਲਈ 74 ਕਰੋੜ ਤੇ ਸਰ੍ਹੋਂ ਦੀ ਫਸਲ ਲਈ 3.40 ਕਰੋੜ ਰੁਪਏ ਜਾਰੀ ਕਰਨ ਦੀ ਘੋਸ਼ਣਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬਾਗ਼ ਨੂੰ ਨੁਕਸਾਨ ਪਹੁੰਚਿਆ ਹੈ, ਤਾਂ ਉਸ ਦੀ ਭਰਪਾਈ ਵੀ ਕੀਤੀ ਜਾਵੇਗੀ। ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਗਾਦ ਕੱਢਣ ਦੇ ਕੰਮ ਲਈ ਵੀ ਵਿੱਤੀ ਸਹਾਇਤਾ ਦੇਵੇਗੀ।
ਭਾਜਪਾ ਵਰਕਰਾਂ ਨੂੰ ਦਿੱਤੀ ਹਦਾਇਤ
ਚੌਹਾਨ ਨੇ ਕਿਹਾ ਕਿ ਭਾਜਪਾ ਵਰਕਰਾਂ ਨੂੰ ਚਾਹੀਦਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਜਾ ਕੇ ਨਿਗਰਾਨੀ ਕਰਨ ਕਿ ਸਰਕਾਰੀ ਸਹਾਇਤਾ ਸਹੀ ਤਰੀਕੇ ਨਾਲ ਲਾਭਪਾਤਰੀਆਂ ਤੱਕ ਪਹੁੰਚ ਰਹੀ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਘਰਾਂ ਦੀ ਸੂਚੀ ਭੇਜਣ ਤੋਂ ਬਾਅਦ ਕੇਂਦਰ ਨੇ ਤੁਰੰਤ ਫੰਡ ਜਾਰੀ ਕਰ ਦਿੱਤੇ ਸਨ।
ਮਧੂ-ਮੱਖੀ ਪਾਲਕਾਂ ਨਾਲ ਖਾਸ ਮੁਲਾਕਾਤ
ਨੂਰਪੁਰ ਬੇਟ ਪਿੰਡ ਦਾ ਦੌਰਾ ਕਰਨ ਤੋਂ ਬਾਅਦ, ਕੇਂਦਰੀ ਮੰਤਰੀ ਦੋਰਾਹਾ ਵਿੱਚ ਮਧੂ-ਮੱਖੀ ਪਾਲਕਾਂ ਨਾਲ ਮਿਲਣਗੇ। ਉਨ੍ਹਾਂ ਕਿਹਾ ਕਿ ਸਰਕਾਰ ਮਧੂ-ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਆਧੁਨਿਕ ਤਕਨੀਕਾਂ ਅਤੇ ਨਵੀਆਂ ਯੋਜਨਾਵਾਂ ਲੈ ਕੇ ਆ ਰਹੀ ਹੈ।