ਹਰਿਆਣਾ :- ਰੋਹਤਕ ਦੇ ਸਾਈਬਰ ਸੈੱਲ ਦਫ਼ਤਰ ਵਿਚ ਅੱਜ ਉਸ ਵੇਲੇ ਸਨਾਟਾ ਛਾ ਗਿਆ ਜਦੋਂ ਉੱਥੇ ਡਿਊਟੀ ‘ਤੇ ਤਾਇਨਾਤ ਇਕ ਏ.ਐੱਸ.ਆਈ. ਨੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਮੌਕੇ ਤੋਂ ਪੁਲਿਸ ਨੂੰ ਤਿੰਨ ਪੰਨਿਆਂ ਦਾ ਸੁਸਾਈਡ ਨੋਟ ਅਤੇ ਇਕ ਵੀਡੀਓ ਮੈਸੇਜ ਮਿਲਿਆ ਹੈ, ਜਿਸ ਨੇ ਸਾਰੇ ਮਾਮਲੇ ਨੂੰ ਗੰਭੀਰ ਬਣਾ ਦਿੱਤਾ ਹੈ।
ਸੁਸਾਈਡ ਨੋਟ ‘ਚ ਚੌਕਾਉਂਦੇ ਖੁਲਾਸੇ
ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕ ASI ਨੇ ਆਪਣੇ ਨੋਟ ਵਿਚ ਮਰਹੂਮ ਆਈ.ਪੀ.ਐੱਸ. ਅਧਿਕਾਰੀ ਵਾਈ. ਪੂਰਨ ਕੁਮਾਰ ‘ਤੇ ਭਾਰੀ ਦੋਸ਼ ਲਗਾਏ ਹਨ। ਉਸਨੇ ਲਿਖਿਆ ਕਿ ਵਾਈ. ਪੂਰਨ ਕੁਮਾਰ ਭ੍ਰਿਸ਼ਟਾਚਾਰ ਵਿੱਚ ਡੂੰਘੇ ਤੌਰ ‘ਤੇ ਸ਼ਾਮਲ ਸਨ ਅਤੇ ਜਾਤੀਵਾਦ ਦਾ ਸਹਾਰਾ ਲੈ ਕੇ ਸਿਸਟਮ ‘ਤੇ ਆਪਣਾ ਦਬਦਬਾ ਬਣਾਈ ਬੈਠੇ ਸਨ। ASI ਨੇ ਆਪਣੇ ਪੱਤਰ ਵਿਚ ਕਿਹਾ ਕਿ ਉਹ “ਭ੍ਰਿਸ਼ਟ ਸਿਸਟਮ ਵਿਰੁੱਧ ਕੁਰਬਾਨੀ ਦੇ ਰਿਹਾ ਹੈ” ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਜਾਂਚ ਟੀਮ ਨਾਲ ਜੁੜਿਆ ਸੀ ਮ੍ਰਿਤਕ
ਸੂਤਰਾਂ ਮੁਤਾਬਕ, ਖੁਦਕੁਸ਼ੀ ਕਰਨ ਵਾਲਾ ਅਧਿਕਾਰੀ ਇਕ ਅਹਿਮ ਜਾਂਚ ਟੀਮ ਦਾ ਮੈਂਬਰ ਸੀ, ਜੋ ਆਈ.ਪੀ.ਐੱਸ. ਵਾਈ. ਪੂਰਨ ਕੁਮਾਰ ਦੇ ਗੰਨਮੈਨ ਸੁਸ਼ੀਲ ਕੁਮਾਰ ਨਾਲ ਜੁੜੇ ਮਾਮਲੇ ਦੀ ਤਹਿਕੀਕਾਤ ਕਰ ਰਹੀ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕੋਣ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਉਸ ‘ਤੇ ਕਿਸੇ ਕਿਸਮ ਦਾ ਦਬਾਅ ਸੀ।
ਪੋਸਟਮਾਰਟਮ ਤੇ ਫੋਰੈਂਸਿਕ ਜਾਂਚ ਜਾਰੀ
ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫੋਰੈਂਸਿਕ ਵਿਭਾਗ ਦੀ ਟੀਮ ਵੱਲੋਂ ਸੁਸਾਈਡ ਨੋਟ ਅਤੇ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਸਾਰੇ ਤੱਥਾਂ ਦੀ ਜਾਂਚ ਹੋਣ ਤੋਂ ਬਾਅਦ ਹੀ ਖੁਦਕੁਸ਼ੀ ਦੇ ਕਾਰਨਾਂ ਬਾਰੇ ਸਪਸ਼ਟਤਾ ਆ ਸਕੇਗੀ।
ਪੂਰੇ ਵਿਭਾਗ ਵਿਚ ਸਦਮਾ
ਇਸ ਮਾਮਲੇ ਨੇ ਹਰਿਆਣਾ ਪੁਲਿਸ ਵਿਭਾਗ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਾਥੀ ਕਰਮਚਾਰੀਆਂ ਨੇ ਮ੍ਰਿਤਕ ਅਧਿਕਾਰੀ ਨੂੰ ਸ਼ਾਂਤ-ਸੁਭਾਉ ਅਤੇ ਜ਼ਿੰਮੇਵਾਰ ਦੱਸਦਿਆਂ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।