ਚੰਡੀਗੜ੍ਹ :- ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਪੰਜਾਬ ਦੇ ਇੱਕ ਦਿਨ ਦੇ ਦੌਰੇ ‘ਤੇ ਲੁਧਿਆਣਾ ਪਹੁੰਚ ਰਹੇ ਹਨ। ਇਸ ਦੌਰੇ ਦੌਰਾਨ ਉਹ ਖੇਤੀਬਾੜੀ ਨਾਲ ਜੁੜੀਆਂ ਕਈ ਪ੍ਰਮੁੱਖ ਸੰਸਥਾਵਾਂ ਦਾ ਦੌਰਾ ਕਰਨਗੇ, ਨਵੀਆਂ ਇਮਾਰਤਾਂ ਦਾ ਉਦਘਾਟਨ ਕਰਨਗੇ ਅਤੇ ਪੰਜਾਬ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨਗੇ।
ਨਵੀਂ ਪ੍ਰਸ਼ਾਸਕੀ ਇਮਾਰਤ ਦਾ ਉਦਘਾਟਨ ਕਰਨਗੇ ਮੰਤਰੀ ਚੌਹਾਨ
ਕੇਂਦਰੀ ਮੰਤਰੀ ਸਵੇਰੇ ਦਿੱਲੀ ਤੋਂ ਰਵਾਨਾ ਹੋ ਕੇ ਚੰਡੀਗੜ੍ਹ ਰਾਹੀਂ ਲੁਧਿਆਣਾ ਪਹੁੰਚਣਗੇ। ਉਨ੍ਹਾਂ ਦਾ ਦੌਰਾ ਸਭ ਤੋਂ ਪਹਿਲਾਂ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਦੀ ਭਾਰਤੀ ਮੱਕੀ ਖੋਜ ਸੰਸਥਾ (IIMR) ਵਿਖੇ ਸ਼ੁਰੂ ਹੋਵੇਗਾ, ਜਿੱਥੇ ਉਹ ਨਵੀਂ ਤਿਆਰ ਕੀਤੀ ਪ੍ਰਸ਼ਾਸਕੀ ਇਮਾਰਤ ਦਾ ਉਦਘਾਟਨ ਕਰਨਗੇ।
ਮਹਿਲਾ ਸਵੈ-ਸਹਾਇਤਾ ਸਮੂਹਾਂ ਨਾਲ ਮੁਲਾਕਾਤ
ਇਸ ਤੋਂ ਬਾਅਦ ਉਹ ਸੰਸਥਾ ਦੇ ਕੈਂਪਸ ਵਿੱਚ ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਪੇਂਡੂ ਵਿਕਾਸ ਯੋਜਨਾਵਾਂ ਦੇ ਲਾਭਪਾਤਰੀਆਂ ਨਾਲ ਸੰਵਾਦ ਕਰਨਗੇ। ਮੰਤਰੀ ਚੌਹਾਨ ਉਨ੍ਹਾਂ ਨਾਲ ਸਿੱਧੀ ਗੱਲਬਾਤ ਕਰਕੇ ਕੇਂਦਰ ਸਰਕਾਰ ਦੀਆਂ ਮਹਿਲਾ ਸਸ਼ਕਤੀਕਰਨ ਯੋਜਨਾਵਾਂ ਤੇ ਨਵੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕਰਨਗੇ।
ਪ੍ਰੈਸ ਕਾਨਫਰੰਸ ‘ਚ ਹੋਣਗੇ ਐਲਾਨ
ਲੁਧਿਆਣਾ ਦੌਰੇ ਦੌਰਾਨ ਸ਼ਿਵਰਾਜ ਸਿੰਘ ਚੌਹਾਨ ਇੱਕ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕਰਨਗੇ। ਇਸ ਮੌਕੇ ਉਹ ਪੰਜਾਬ ਖੇਤਰ ਲਈ ਖੇਤੀਬਾੜੀ ਤੇ ਪੇਂਡੂ ਵਿਕਾਸ ਸਬੰਧੀ ਕੇਂਦਰ ਸਰਕਾਰ ਦੀਆਂ ਨਵੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੇਣਗੇ।
ਪਿੰਡ ਨੂਰਪੁਰ ਬੇਟ ‘ਚ ਕਿਸਾਨ ਚੌਪਾਲ ਦਾ ਆਯੋਜਨ
ਦੁਪਹਿਰ ਵੇਲੇ ਮੰਤਰੀ ਚੌਹਾਨ ਪਿੰਡ ਨੂਰਪੁਰ ਬੇਟ ਵਿਖੇ ਕਿਸਾਨ ਚੌਪਾਲ ਵਿੱਚ ਸ਼ਮੂਲੀਅਤ ਕਰਨਗੇ। ਇੱਥੇ ਝੋਨੇ ਦੀ ਕਟਾਈ ਲਈ SMS-ਫਿੱਟ ਕੰਬਾਈਨ ਹਾਰਵੈਸਟਰ ਅਤੇ ਕਣਕ ਦੀ ਬਿਜਾਈ ਲਈ ਹੈਪੀ ਸਮਾਰਟ ਸੀਡਰ ਮਸ਼ੀਨ ਦਾ ਲਾਈਵ ਡੈਮੋ ਦਿੱਤਾ ਜਾਵੇਗਾ।
ਮਧੂ-ਮੱਖੀ ਪਾਲਣ ਕੇਂਦਰ ਦਾ ਦੌਰਾ
ਸ਼ਾਮ ਸਮੇਂ ਉਹ ਦੋਰਾਹਾ ਵਿਖੇ “ਸਮਾਨਿਊ ਹਨੀ” ਮਧੂ-ਮੱਖੀ ਪਾਲਣ ਕੇਂਦਰ ਦਾ ਦੌਰਾ ਕਰਨਗੇ। ਇੱਥੇ ਉਹ ਖੇਤਰ ਦੇ ਕਿਸਾਨਾਂ ਨਾਲ ਮਿਲ ਕੇ ਮਧੂ-ਮੱਖੀ ਪਾਲਣ ਦੇ ਨਵੇਂ ਮਾਡਲਾਂ ਤੇ ਕਾਰੋਬਾਰੀ ਮੌਕਿਆਂ ‘ਤੇ ਚਰਚਾ ਕਰਨਗੇ ਅਤੇ ਖੇਤੀਬਾੜੀ ਮੰਤਰਾਲੇ ਦੀਆਂ ਸਬੰਧਤ ਯੋਜਨਾਵਾਂ ਬਾਰੇ ਜਾਣਕਾਰੀ ਲੈਣਗੇ।
ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਸਹਾਇਤਾ
ਦੌਰੇ ਦੌਰਾਨ ਸ਼ਿਵਰਾਜ ਸਿੰਘ ਚੌਹਾਨ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਸਨੀਕਾਂ ਲਈ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕੀਤੇ ਪੁਨਰਨਿਰਮਾਣ ਸਹਾਇਤਾ ਪੱਤਰ ਵੀ ਸੌਂਪਣਗੇ।