ਚੰਡੀਗੜ੍ਹ :- ਪੰਜਾਬ ਦੀ ਇੱਕ ਰਾਜ ਸਭਾ ਸੀਟ ਲਈ 24 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ‘ਤੇ ‘ਆਮ ਆਦਮੀ ਪਾਰਟੀ’ ਦੇ 10 ਵਿਧਾਇਕਾਂ ਦੇ ਜਾਅਲੀ ਦਸਤਖ਼ਤ ਕਰਨ ਦੇ ਦੋਸ਼ ਲੱਗੇ ਹਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਾਜਨੀਤਿਕ ਗਲਿਆਰੇ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਚਤੁਰਵੇਦੀ ਦਾ ਦਾਅਵਾ — ਸਭ ਕੁਝ ਕਾਨੂੰਨੀ ਤਰੀਕੇ ਨਾਲ ਕੀਤਾ
ਦੂਜੇ ਪਾਸੇ, ਨਵਨੀਤ ਚਤੁਰਵੇਦੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਨਾਮਜ਼ਦਗੀ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਸਾਰੇ 10 ‘ਆਪ’ ਵਿਧਾਇਕਾਂ ਨੇ ਉਨ੍ਹਾਂ ਦੇ ਨਾਮ ‘ਤੇ ਸਹੀ ਢੰਗ ਨਾਲ ਦਸਤਖ਼ਤ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਸਕੱਤਰੇਤ ਵਿੱਚ ਵਿਧਾਇਕਾਂ ਦੀ ਪੁਸ਼ਟੀ ਵਾਲਾ ਦਸਤਾਵੇਜ਼ ਵੀ ਜਮ੍ਹਾਂ ਕਰਵਾਇਆ ਹੈ।
ਵਿਧਾਇਕਾਂ ਵੱਲੋਂ ਸਖ਼ਤ ਇਨਕਾਰ ਤੇ ਸ਼ਿਕਾਇਤ ਦਰਜ
ਹਾਲਾਂਕਿ, ‘ਆਪ’ ਵਿਧਾਇਕਾਂ ਨੇ ਚਤੁਰਵੇਦੀ ਦੇ ਸਾਰੇ ਦਾਅਵਿਆਂ ਨੂੰ ਝੂਠਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਆਜ਼ਾਦ ਉਮੀਦਵਾਰ ਦਾ ਸਮਰਥਨ ਨਹੀਂ ਕੀਤਾ। ਵਿਧਾਇਕਾਂ ਨੇ ਪਾਰਟੀ ਹਾਈਕਮਾਂਡ ਨੂੰ ਸਪੱਸ਼ਟੀਕਰਨ ਦੇਣ ਦੇ ਨਾਲ ਪੰਜਾਬ ਦੇ ਡੀਜੀਪੀ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਚਤੁਰਵੇਦੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
10 ਵਿਧਾਇਕਾਂ ਦੇ ਨਾਮ ਸਾਹਮਣੇ ਆਏ
ਜਿਨ੍ਹਾਂ ਵਿਧਾਇਕਾਂ ਦੇ ਨਾਮ ਇਸ ਵਿਵਾਦ ਨਾਲ ਜੁੜੇ ਹਨ, ਉਨ੍ਹਾਂ ਵਿੱਚ ਕੁਲਵੰਤ ਸਿੰਘ ਬਾਜ਼ੀਗਰ, ਕੁਲਵੰਤ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਵਣਵਾਲੀ, ਰਜਨੀਸ਼ ਦਹੀਆ, ਨਰੇਸ਼ ਕਟਾਰੀਆ, ਗੁਰਲਾਲ ਸਿੰਘ ਘਨੌਰ, ਅਮੋਲਕ ਸਿੰਘ, ਸੁਖਬੀਰ ਸਿੰਘ ਮਾਈਸਰਖਾਨਾ, ਰਣਬੀਰ ਭੁੱਲਰ ਅਤੇ ਮਨਜੀਤ ਸਿੰਘ ਬਿਲਾਸਪੁਰ ਸ਼ਾਮਲ ਹਨ।
‘ਆਪ’ ਨੇ ਕਿਹਾ — ਸਾਡੀ ਛਵੀ ਖਰਾਬ ਕਰਨ ਦੀ ਸਾਜ਼ਿਸ਼
ਇਸ ਪੂਰੇ ਮਾਮਲੇ ਤੇ ‘ਆਪ’ ਵਿਧਾਇਕਾਂ ਦਾ ਕਹਿਣਾ ਹੈ ਕਿ ਇਹ ਸਾਜ਼ਿਸ਼ ਸਰਕਾਰ ਅਤੇ ਪਾਰਟੀ ਦੀ ਛਵੀ ਖਰਾਬ ਕਰਨ ਲਈ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਜਾਅਲੀ ਦਸਤਖ਼ਤਾਂ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।