ਚੰਡੀਗੜ੍ਹ :- ਪੰਜਾਬੀ ਸੰਗੀਤ ਜਗਤ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਗਾਇਕ ਖਾਨ ਸਾਬ੍ਹ ਦੇ ਪਿਤਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਖਾਨ ਸਾਬ੍ਹ ਦੇ ਪਰਿਵਾਰ ਵਿੱਚ ਕੁਝ ਹੀ ਦਿਨਾਂ ਵਿੱਚ ਦੂਜੀ ਵੱਡੀ ਹਾਨੀ ਹੋਈ ਹੈ, ਕਿਉਂਕਿ ਉਨ੍ਹਾਂ ਦੀ ਮਾਤਾ ਸਲਮਾ ਪਰਵੀਨ ਦਾ ਦੇਹਾਂਤ ਹਾਲ ਹੀ ਵਿੱਚ 25 ਸਤੰਬਰ ਨੂੰ ਹੋਇਆ ਸੀ।
ਲੰਬੇ ਸਮੇਂ ਤੋਂ ਬਿਮਾਰ ਸਨ ਮਾਤਾ ਸਲਮਾ ਪਰਵੀਨ
ਖਾਨ ਸਾਬ੍ਹ ਦੀ ਮਾਂ ਸਲਮਾ ਪਰਵੀਨ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਸਨ। ਉਹ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੀਆਂ ਸਨ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਅਧੀਨ ਸਨ। ਲਗਾਤਾਰ ਇਲਾਜ ਦੇ ਬਾਵਜੂਦ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਆ ਸਕਿਆ।
ਮਾਂ ਦੇ ਦੇਹਾਂਤ ਸਮੇਂ ਕੈਨੇਡਾ ਵਿੱਚ ਸਨ ਖਾਨ ਸਾਬ੍ਹ
ਜਦੋਂ ਖਾਨ ਸਾਬ੍ਹ ਦੀ ਮਾਂ ਦਾ ਦੇਹਾਂਤ ਹੋਇਆ, ਉਹ ਕੈਨੇਡਾ ਵਿੱਚ ਇੱਕ ਸ਼ੋਅ ਲਈ ਗਏ ਹੋਏ ਸਨ। ਮਾਂ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਆਪਣਾ ਸ਼ੋਅ ਰੱਦ ਕੀਤਾ ਅਤੇ ਪੰਜਾਬ ਵਾਪਸ ਆਏ। ਉਨ੍ਹਾਂ ਦੀ ਮਾਂ ਸਲਮਾ ਪਰਵੀਨ ਨੂੰ ਕਪੂਰਥਲਾ ਦੇ ਜੱਦੀ ਪਿੰਡ ਭੰਗਲ ਦੋਨਾ ਵਿੱਚ ਦਫ਼ਨਾਇਆ ਗਿਆ।
ਹੁਣ ਮਾਤਾ ਦੇ ਦੇਹਾਂਤ ਤੋਂ ਬਾਅਦ ਪਿਤਾ ਦੇ ਗੁਜ਼ਰ ਜਾਣ ਨਾਲ ਖਾਨ ਸਾਬ੍ਹ ਲਈ ਇਹ ਸਮਾਂ ਬਹੁਤ ਪੀੜਾਦਾਇਕ ਹੋ ਗਿਆ ਹੈ। ਪੰਜਾਬੀ ਸੰਗੀਤ ਉਦਯੋਗ ਦੇ ਕਈ ਕਲਾਕਾਰਾਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਸੰਵੇਦਨਾਵਾਂ ਪ੍ਰਗਟ ਕੀਤੀਆਂ ਹਨ ਅਤੇ ਇਸ ਵੱਡੇ ਦੁੱਖ ਵਿੱਚ ਸਾਂਝ ਪਾਈ ਹੈ।