ਨਵੀਂ ਦਿੱਲੀ :- ਗਾਜ਼ਾ ਸ਼ਾਂਤੀ ਯੋਜਨਾ ਦੇ ਵਿਰੋਧ ‘ਚ ਪਾਕਿਸਤਾਨ ਵਿੱਚ ਪਿਛਲੇ ਕਈ ਦਿਨਾਂ ਤੋਂ ਤਣਾਅ ਪੈਦਾ ਹੋਇਆ ਹੋਇਆ ਹੈ। ਇਸ ਮਾਮਲੇ ਨੇ ਉਸ ਵੇਲੇ ਹਿੰਸਕ ਰੂਪ ਧਾਰ ਲਿਆ, ਜਦੋਂ ਲਾਹੌਰ ਵਿੱਚ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐਲਪੀ) ਦੇ ਸਮਰਥਕਾਂ ਨੇ ਇਜ਼ਰਾਈਲ ਵਿਰੋਧੀ ਮਾਰਚ ਦੌਰਾਨ ਪੁਲਿਸ ਨਾਲ ਝੜਪ ਕਰ ਲਈ।
ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿੱਚ ਗੋਲੀਬਾਰੀ
ਰਿਪੋਰਟਾਂ ਮੁਤਾਬਿਕ, ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਟੀਐਲਪੀ ਵਰਕਰਾਂ ਵਿਚਕਾਰ ਗੋਲੀਬਾਰੀ ਹੋਈ। ਇਸ ਦੌਰਾਨ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ। ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਚਲਾਏ ਅਤੇ ਕਈ ਇਲਾਕਿਆਂ ਵਿੱਚ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ।
ਇਸਲਾਮਾਬਾਦ ਵੱਲ ਮਾਰਚ ਨਾਲ ਦੇਸ਼ ‘ਚ ਹੜਕੰਪ
ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਸੋਮਵਾਰ ਨੂੰ, ਟੀਐਲਪੀ ਦੇ ਸਮਰਥਕਾਂ ਵੱਲੋਂ ਰਾਜਧਾਨੀ ਇਸਲਾਮਾਬਾਦ ਵੱਲ ਮਾਰਚ ਦੌਰਾਨ ਵੀ ਹਿੰਸਕ ਟਕਰਾਅ ਹੋਇਆ ਸੀ, ਜਿਸ ਕਾਰਨ ਸ਼ਹਿਰ ਵਿੱਚ ਜੀਵਨ ਠੱਪ ਪੈ ਗਿਆ।
ਪੁਲਿਸ ਅਤੇ ਟੀਐਲਪੀ ਦੇ ਬਿਆਨ ਵੱਖਰੇ
ਪੰਜਾਬ ਸੂਬੇ ਦੇ ਪੁਲਿਸ ਮੁਖੀ ਉਸਮਾਨ ਅਨਵਰ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਗੋਲੀਬਾਰੀ ਕੀਤੀ ਸੀ, ਜਿਸ ਕਾਰਨ ਇੱਕ ਅਧਿਕਾਰੀ ਦੀ ਮੌਤ ਹੋਈ। ਉਨ੍ਹਾਂ ਦੇ ਅਨੁਸਾਰ, ਪ੍ਰਦਰਸ਼ਨਕਾਰੀਆਂ ਵਿੱਚ ਕਿਸੇ ਮੌਤ ਦੀ ਪੁਸ਼ਟੀ ਨਹੀਂ ਹੋਈ। ਪਰ ਟੀਐਲਪੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕਈ ਵਰਕਰ ਮਾਰੇ ਗਏ ਅਤੇ ਕਈ ਜ਼ਖਮੀ ਹੋਏ ਹਨ।
ਦੇਸ਼ ਭਰ ਵਿੱਚ ਤਣਾਅ ਜਾਰੀ
ਹਿੰਸਕ ਝੜਪਾਂ ਤੋਂ ਬਾਅਦ ਲਾਹੌਰ ਅਤੇ ਇਸਲਾਮਾਬਾਦ ਸਮੇਤ ਕਈ ਸ਼ਹਿਰਾਂ ਵਿੱਚ ਸੁਰੱਖਿਆ ਪ੍ਰਬੰਧ ਹੋਰ ਕੜੇ ਕਰ ਦਿੱਤੇ ਗਏ ਹਨ। ਗਾਜ਼ਾ ਮਾਮਲੇ ‘ਤੇ ਵਧ ਰਹੇ ਵਿਰੋਧ ਕਾਰਨ ਪਾਕਿਸਤਾਨ ਸਰਕਾਰ ਲਈ ਕਾਨੂੰਨ-ਵਿਵਸਥਾ ਸੰਭਾਲਣਾ ਚੁਣੌਤੀਪੂਰਨ ਹੋ ਗਿਆ ਹੈ।