ਚੰਡੀਗੜ੍ਹ :- ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਸਬੰਧੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਹਾਦਸਾ ਹਿਮਾਚਲ ਦੇ ਬੱਦੀ ਖੇਤਰ ਵਿੱਚ ਹੋਇਆ, ਪਰ ਹੁਣ ਪੁਸ਼ਟੀ ਹੋਈ ਹੈ ਕਿ ਇਹ ਹਾਦਸਾ ਦਰਅਸਲ ਹਰਿਆਣਾ ਦੇ ਪਿੰਜੌਰ ਵਿਖੇ ਹੋਇਆ ਸੀ।
ਹਸਪਤਾਲ ਵੱਲੋਂ ਇਲਾਜ ਤੋਂ ਇਨਕਾਰ
ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਹਾਦਸੇ ਤੋਂ ਬਾਅਦ ਪਿੰਜੌਰ ਦੇ ਸ਼ੌਰੀ ਹਸਪਤਾਲ ਨੇ ਰਾਜਵੀਰ ਜਵੰਦਾ ਨੂੰ ਮੁੱਢਲਾ ਇਲਾਜ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਪੰਚਕੂਲਾ, ਫਿਰ ਪਾਰਸ ਹਸਪਤਾਲ, ਅਤੇ ਅੰਤ ਵਿੱਚ ਫੋਰਟਿਸ ਮੋਹਾਲੀ ਲਿਜਾਇਆ ਗਿਆ, ਜਿੱਥੇ 11 ਦਿਨਾਂ ਬਾਅਦ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਜਾਂਚ ਸੰਗਠਨ ਨੇ ਤਿਆਰ ਕੀਤੀ ਸਪਾਟ ਰਿਪੋਰਟ
ਸੰਗਠਨ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਡੀ.ਡੀ.ਆਰ. (ਡੇਲੀ ਡਾਇਰੀ ਰਿਪੋਰਟ) ਦੇ ਆਧਾਰ ਤੇ ਇਹ ਸਾਰੀ ਜਾਣਕਾਰੀ ਪ੍ਰਾਪਤ ਕੀਤੀ। ਸੰਗਠਨ ਦੇ ਜਨਰਲ ਸਕੱਤਰ ਐਡਵੋਕੇਟ ਨਵਕਿਰਨ ਸਿੰਘ ਨੇ ਪਿੰਜੌਰ ‘ਚ ਹਾਦਸੇ ਵਾਲੀ ਥਾਂ ਦਾ ਦੌਰਾ ਕਰਕੇ ਰਿਪੋਰਟ ਤਿਆਰ ਕੀਤੀ ਹੈ।
ਹਾਈ ਕੋਰਟ ਜਾਣ ਦੀ ਤਿਆਰੀ
ਸੰਗਠਨ ਨੇ ਹੁਣ ਡਾਕਟਰੀ ਲਾਪਰਵਾਹੀ ਦੇ ਅਧਾਰ ‘ਤੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਕੇਸ ਵਿੱਚ ਸਿਰਫ਼ ਰਾਜਵੀਰ ਜਵੰਦਾ ਦੀ ਮੌਤ ਨਹੀਂ, ਸਗੋਂ ਹਸਪਤਾਲਾਂ ਦੀ ਬੇਪਰਵਾਹੀ ਵੀ ਵੱਡਾ ਮੁੱਦਾ ਹੈ। ਨਾਲ ਹੀ, ਸੜਕਾਂ ‘ਤੇ ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਅਤੇ ਮੈਡੀਕਲ ਸਹੂਲਤਾਂ ਦੀ ਕਮੀ ਦੇ ਮੁੱਦੇ ਵੀ ਉੱਠਾਏ ਜਾਣਗੇ।
27 ਸਤੰਬਰ ਨੂੰ ਹੋਇਆ ਸੀ ਹਾਦਸਾ
ਰਾਜਵੀਰ ਜਵੰਦਾ, ਜੋ ਇੱਕ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਸਨ, 27 ਸਤੰਬਰ ਨੂੰ ਪਿੰਜੌਰ ਵਿੱਚ ਹਾਦਸਾਗ੍ਰਸਤ ਹੋਏ ਸਨ। ਉਹ ਸ਼ਿਮਲਾ ਜਾ ਰਹੇ ਸਨ, ਜਦੋਂ ਬਾਈਕ ਸਲਿੱਪ ਹੋਈ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਏ। 8 ਅਕਤੂਬਰ 2025 ਨੂੰ 35 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਫੋਰਟਿਸ ਹਸਪਤਾਲ ‘ਚ ਦਮ ਤੋੜ ਦਿੱਤਾ।