ਗੁਰਦਾਸਪੁਰ :- ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਕੱਢੀ ਜਾ ਰਹੀ ਵਿਸ਼ੇਸ਼ ਯਾਤਰਾ ਸਬੰਧੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਯਾਤਰਾ 20 ਨਵੰਬਰ ਨੂੰ ਗੁਰਦੁਆਰਾ ਸ੍ਰੀ ਸੰਗਤਸਰ, ਬਠਵਾਲਾ (ਗੁਰਦਾਸਪੁਰ) ਤੋਂ ਸ਼ੁਰੂ ਹੋਵੇਗੀ। ਇਹ ਧਾਰੀਵਾਲ, ਨੌਸ਼ਹਿਰਾ ਮਾਝਾ ਸਿੰਘ, ਬਟਾਲਾ, ਰੰਗੜ ਨੰਗਲ ਅਤੇ ਬਾਬਾ ਬਕਾਲਾ ਸਾਹਿਬ ਹੁੰਦੀ ਹੋਈ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਪਹੁੰਚੇਗੀ।
ਰਸਤੇ ਦੀ ਮੁਰੰਮਤ ਅਤੇ ਸਫਾਈ ਦੇ ਸਖ਼ਤ ਨਿਰਦੇਸ਼
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਯਾਤਰਾ ਮਾਰਗ ‘ਤੇ ਆਉਣ ਵਾਲੀਆਂ ਸਾਰੀਆਂ ਸੜਕਾਂ ਦੀ ਸਫਾਈ ਤੇ ਮੁਰੰਮਤ ਤੁਰੰਤ ਪੂਰੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਸੰਗਤਸਰ ਬਠਵਾਲਾ ਤੋਂ ਰੰਗੜ ਨੰਗਲ ਤੱਕ ਦਾ ਸਾਰਾ ਰਸਤਾ ਸੁਚੱਜਾ ਤੇ ਟ੍ਰੈਫਿਕ-ਫ੍ਰੀ ਰਹੇ।
ਨਗਰ ਨਿਗਮ ਤੇ ਕੌਂਸਲਾਂ ਨੂੰ ਸਫਾਈ ਦਾ ਜ਼ਿੰਮੇਵਾਰੀ
ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਅਤੇ ਨਗਰ ਕੌਂਸਲ ਗੁਰਦਾਸਪੁਰ ਤੇ ਧਾਰੀਵਾਲ ਦੇ ਕਾਰਜਕਾਰੀ ਅਧਿਕਾਰੀਆਂ ਨੂੰ ਯਾਤਰਾ ਮਾਰਗ ਦੀ ਪੂਰੀ ਸਫਾਈ ਯਕੀਨੀ ਬਣਾਉਣ ਲਈ ਹਦਾਇਤ ਕੀਤੀ। ਨਾਲ ਹੀ, ਸੀਵਰੇਜ ਵਿਭਾਗ ਨੂੰ ਆਦੇਸ਼ ਦਿੱਤੇ ਗਏ ਕਿ ਸਾਰੇ ਮੈਨਹੋਲ ਢੱਕੇ ਜਾਣ ਤੇ ਨਾਲੀਆਂ ਦੀ ਸਹੀ ਸਫਾਈ ਕੀਤੀ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਗੰਦਗੀ ਜਾਂ ਰੁਕਾਵਟ ਨਾ ਰਹੇ।
ਬਿਜਲੀ, ਸਿਹਤ ਅਤੇ ਸੁਰੱਖਿਆ ਉਪਰ ਧਿਆਨ
ਉਨ੍ਹਾਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਯਾਤਰਾ ਮਾਰਗ ਉੱਤੇ ਬਿਜਲੀ ਦੀਆਂ ਲਾਈਨਾਂ ਦੀ ਉਚਾਈ ਜਾਂਚਣ ਦੇ ਨਿਰਦੇਸ਼ ਦਿੱਤੇ ਤਾਂ ਜੋ ਕੋਈ ਵੀ ਤਾਰ ਹੇਠਾਂ ਲਟਕਿਆ ਨਾ ਰਹੇ। ਸਿਹਤ ਵਿਭਾਗ ਨੂੰ ਲੰਗਰ ਸਥਾਨਾਂ ਅਤੇ ਯਾਤਰਾ ਰਸਤੇ ਉੱਤੇ ਮੈਡੀਕਲ ਟੀਮਾਂ ਤਾਇਨਾਤ ਕਰਨ ਲਈ ਕਿਹਾ ਗਿਆ। ਇਸੇ ਤਰ੍ਹਾਂ ਖੇਤਰੀ ਆਵਾਜਾਈ ਅਤੇ ਪੁਲਿਸ ਵਿਭਾਗਾਂ ਨੂੰ ਸਾਰੇ ਪ੍ਰਬੰਧ ਪਹਿਲਾਂ ਹੀ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਗਏ।