ਚੰਡੀਗੜ੍ਹ :- ਅਕਤੂਬਰ ਦੇ ਪਹਿਲੇ ਹਫ਼ਤੇ ਪਈ ਬਾਰਿਸ਼ ਤੋਂ ਬਾਅਦ ਪੰਜਾਬ ਦਾ ਮੌਸਮ ਹੌਲੀ-ਹੌਲੀ ਬਦਲਣਾ ਸ਼ੁਰੂ ਹੋ ਗਿਆ ਹੈ। ਸਵੇਰ ਤੇ ਸ਼ਾਮ ਦੇ ਸਮੇਂ ਹਵਾਵਾਂ ਵਿੱਚ ਠੰਡਕ ਮਹਿਸੂਸ ਹੋ ਰਹੀ ਹੈ। ਦਿਨ ਦਾ ਤਾਪਮਾਨ ਘਟਣ ਨਾਲ ਗਰਮੀ ਦੀ ਤੀਬਰਤਾ ਘੱਟੀ ਹੈ ਅਤੇ ਰਾਤਾਂ ਹੋਰ ਠੰਡੀਆਂ ਹੋ ਰਹੀਆਂ ਹਨ।
ਦੀਵਾਲੀ ਤੋਂ ਬਾਅਦ ਤਾਪਮਾਨ ਹੋਰ ਗਿਰੇਗਾ
ਮੌਸਮ ਵਿਭਾਗ ਦੇ ਅਨੁਸਾਰ, ਦੀਵਾਲੀ ਤੋਂ ਬਾਅਦ ਰਾਤ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਆ ਸਕਦੀ ਹੈ। 15 ਅਕਤੂਬਰ ਤੋਂ ਬਾਅਦ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਘਟਣ ਦੀ ਸੰਭਾਵਨਾ ਜਤਾਈ ਗਈ ਹੈ। ਅੰਦਾਜ਼ਾ ਹੈ ਕਿ ਰਾਤ ਦਾ ਤਾਪਮਾਨ 14 ਤੋਂ 16 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ, ਜਦਕਿ ਦਿਨ ਦਾ ਤਾਪਮਾਨ 30 ਡਿਗਰੀ ਦੇ ਆਲੇ ਦੁਆਲੇ ਰਹੇਗਾ।
ਚੰਡੀਗੜ੍ਹ ਮੌਸਮ ਕੇਂਦਰ ਵੱਲੋਂ ਪੇਸ਼ਗੀ
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਦੱਸਿਆ ਹੈ ਕਿ ਇਸ ਵੇਲੇ ਸੂਬੇ ਵਿੱਚ ਦਿਨ ਦਾ ਔਸਤ ਤਾਪਮਾਨ 31 ਤੋਂ 32 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 17 ਤੋਂ 18 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਹਵਾ ਦੇ ਰੁਖ ਅਤੇ ਨਮੀ ਵਿੱਚ ਬਦਲਾਅ ਕਾਰਨ ਮੌਸਮ ਹੋਰ ਠੰਡਾ ਹੋਵੇਗਾ।
ਬਿਮਾਰੀਆਂ ਦਾ ਵੱਧ ਸਕਦਾ ਹੈ ਖ਼ਤਰਾ
ਤਾਪਮਾਨ ਵਿੱਚ ਹੋ ਰਹੇ ਇਸ ਬਦਲਾਅ ਨਾਲ ਮੌਸਮੀ ਬਿਮਾਰੀਆਂ ਦੇ ਮਾਮਲੇ ਵਧਣ ਦੀ ਸੰਭਾਵਨਾ ਹੈ। ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸਮੇਂ ਦੌਰਾਨ ਖੰਘ, ਜ਼ੁਕਾਮ, ਬੁਖਾਰ, ਡੇਂਗੂ ਅਤੇ ਟਾਈਫਾਈਡ ਵਰਗੀਆਂ ਬਿਮਾਰੀਆਂ ਤੇਜ਼ੀ ਨਾਲ ਫੈਲ ਸਕਦੀਆਂ ਹਨ।
ਸਿਹਤ ਵਿਭਾਗ ਵੱਲੋਂ ਸਾਵਧਾਨੀ ਦੀ ਅਪੀਲ
ਸਿਹਤ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸਵੇਰੇ ਤੇ ਸ਼ਾਮ ਦੇ ਸਮੇਂ ਬਾਹਰ ਦਾ ਖਾਣਾ ਖਾਣ ਤੋਂ ਬਚਣ। ਮੱਛਰਾਂ ਤੋਂ ਬਚਾਅ ਲਈ ਲੰਬੀਆਂ ਬਾਹਾਂ ਵਾਲੇ ਕੱਪੜੇ ਪਹਿਨਣ ਅਤੇ ਘਰਾਂ ਦੇ ਆਲੇ ਦੁਆਲੇ ਸਾਫ਼–ਸੁਥਰਾ ਮਾਹੌਲ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।
ਲੋਕਾਂ ਨੂੰ ਠੰਢ ਲਈ ਤਿਆਰੀ ਕਰਨ ਦੀ ਸਲਾਹ
ਮਾਹਿਰਾਂ ਦਾ ਕਹਿਣਾ ਹੈ ਕਿ ਜੇ ਮੌਸਮ ਦਾ ਇਹ ਰੁਝਾਨ ਜਾਰੀ ਰਿਹਾ ਤਾਂ ਅਗਲੇ ਹਫ਼ਤਿਆਂ ਵਿੱਚ ਸਵੇਰਾਂ ਤੇ ਰਾਤਾਂ ਹੋਰ ਠੰਡੀਆਂ ਹੋਣਗੀਆਂ। ਇਸ ਲਈ ਲੋਕਾਂ ਨੂੰ ਹੁਣ ਤੋਂ ਹੀ ਗਰਮ ਕੱਪੜਿਆਂ ਅਤੇ ਸਿਹਤ ਸੁਰੱਖਿਆ ਲਈ ਤਿਆਰੀ ਕਰ ਲੈਣੀ ਚਾਹੀਦੀ ਹੈ।