ਨਵੀਂ ਦਿੱਲੀ :- ਸਰਦੀ ਦੇ ਮੌਸਮ ਵਿੱਚ ਆਉਣ ਵਾਲੀ ਧੁੰਦ ਤੇ ਕੋਹਰੇ ਨਾਲ ਨਜਿੱਠਣ ਲਈ ਰੇਲਵੇ ਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅੰਬਾਲਾ ਮੰਡਲ ਪ੍ਰਸ਼ਾਸਨ ਨੇ ਧੁੰਦ ਕਾਰਨ ਹੋ ਸਕਣ ਵਾਲੇ ਹਾਦਸਿਆਂ ਤੋਂ ਬਚਾਅ ਲਈ 8 ਰੇਲਾਂ ਨੂੰ ਦੋ ਮਹੀਨੇ ਲਈ ਰੱਦ ਕਰਨ ਦਾ ਫੈਸਲਾ ਕੀਤਾ ਹੈ। ਸੀਨੀਅਰ ਡੀਸੀਐਮ ਨਵੀਨ ਕੁਮਾਰ ਨੇ ਦੱਸਿਆ ਕਿ ਗੱਡੀ ਨੰਬਰ 15903 ਡਿਬਰੂਗੜ੍ਹ–ਚੰਡੀਗੜ੍ਹ ਐਕਸਪ੍ਰੈੱਸ, ਜੋ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਚੱਲਦੀ ਹੈ, 1 ਦਸੰਬਰ ਤੋਂ 27 ਫਰਵਰੀ 2026 ਤੱਕ ਰੱਦ ਰਹੇਗੀ। ਇਸੇ ਤਰ੍ਹਾਂ 15904 ਚੰਡੀਗੜ੍ਹ–ਡਿਬਰੂਗੜ੍ਹ ਐਕਸਪ੍ਰੈੱਸ, ਜੋ ਬੁੱਧਵਾਰ ਅਤੇ ਐਤਵਾਰ ਨੂੰ ਚੱਲਦੀ ਹੈ, 3 ਦਸੰਬਰ ਤੋਂ 1 ਮਾਰਚ ਤੱਕ ਬੰਦ ਰਹੇਗੀ।
ਸਟੇਸ਼ਨ ਕਾਊਂਟਰਾਂ ਨੂੰ ਨਵਾਂ ਹੁਕਮ ਜਾਰੀ
ਰੇਲਵੇ ਵਿਭਾਗ ਨੇ ਸਾਰੇ ਸਟੇਸ਼ਨਾਂ ਦੇ ਰਿਜ਼ਰਵੇਸ਼ਨ ਕਾਊਂਟਰਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ ਕਿ ਰੱਦ ਕੀਤੀਆਂ ਗੱਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਬੁਕਿੰਗ ਨਾ ਕੀਤੀ ਜਾਵੇ। ਇਹ ਫੈਸਲਾ ਯਾਤਰੀਆਂ ਦੀ ਸੁਰੱਖਿਆ ਅਤੇ ਸੰਭਾਵਿਤ ਵਿਘਨਾਂ ਤੋਂ ਬਚਾਅ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
ਚੰਡੀਗੜ੍ਹ-ਅੰਮ੍ਰਿਤਸਰ, ਕਾਲਕਾ-ਕਟਰਾ ਤੇ ਚੰਡੀਗੜ੍ਹ-ਫਿਰੋਜ਼ਪੁਰ ਰੇਲਾਂ ਵੀ ਪ੍ਰਭਾਵਿਤ
ਰੇਲਵੇ ਮੁਤਾਬਕ, 14541-42 ਚੰਡੀਗੜ੍ਹ–ਅੰਮ੍ਰਿਤਸਰ ਐਕਸਪ੍ਰੈੱਸ 1 ਦਸੰਬਰ ਤੋਂ 1 ਮਾਰਚ, 14503-04 ਕਾਲਕਾ–ਸ੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਐਕਸਪ੍ਰੈੱਸ 2 ਦਸੰਬਰ ਤੋਂ 28 ਫਰਵਰੀ, ਅਤੇ 14629-30 ਚੰਡੀਗੜ੍ਹ–ਫਿਰੋਜ਼ਪੁਰ ਐਕਸਪ੍ਰੈੱਸ 1 ਦਸੰਬਰ ਤੋਂ 1 ਮਾਰਚ ਤੱਕ ਬੰਦ ਰਹੇਗੀ। ਰੇਲਵੇ ਨੇ ਕਿਹਾ ਕਿ ਮੌਸਮ ਸੁਧਰਦੇ ਹੀ ਸਾਰੀਆਂ ਗੱਡੀਆਂ ਨੂੰ ਦੁਬਾਰਾ ਚਲਾਇਆ ਜਾਵੇਗਾ।