ਚੰਡੀਗੜ੍ਹ :- ਤਿਓਹਾਰੀ ਮੌਸਮ ਦੇ ਚਲਦਿਆਂ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਬਾਜ਼ਾਰਾਂ ‘ਚ ਸਪਲਾਈ ਘੱਟ ਹੋਣ ਤੇ ਨਿਵੇਸ਼ਕਾਂ ਵੱਲੋਂ ਭਾਰੀ ਖਰੀਦਦਾਰੀ ਕਾਰਨ ਚਾਂਦੀ ਦੇ ਭਾਅ ਆਸਮਾਨ ਛੂਹ ਰਹੇ ਹਨ। ਇਹ ਸਥਿਤੀ ਪਿਛਲੇ ਕਈ ਦਹਾਕਿਆਂ ਬਾਅਦ ਵੇਖਣ ਨੂੰ ਮਿਲ ਰਹੀ ਹੈ। ਚਾਂਦੀ ਨੇ ਇਸ ਵਾਰ ਇੱਕ ਵੱਖਰਾ ਹੀ ‘ਸਿਲਵਰ ਥਰਸਡੇਅ’ ਦਰਜ ਕਰ ਲਿਆ ਹੈ, ਜਦੋਂ ਗਲੋਬਲ ਮਾਰਕੀਟ ਵਿੱਚ ਇਸ ਦੀ ਕੀਮਤ 50 ਡਾਲਰ ਪ੍ਰਤੀ ਔਂਸ ਤੋਂ ਪਾਰ ਹੋ ਗਈ। ਦੇਸ਼ ਵਿੱਚ ਵੀ ਚਾਂਦੀ ਦੇ ਭਾਅ 1,74,000 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਏ ਹਨ, ਜੋ ਕਮੋਡਿਟੀ ਐਕਸਚੇਂਜ ਤੋਂ 15 ਹਜ਼ਾਰ ਰੁਪਏ ਵੱਧ ਹਨ।
ਗ੍ਰੇਅ ਮਾਰਕੀਟ ‘ਚ ਹੋਰ ਮਹਿੰਗੀ ਖਰੀਦਦਾਰੀ
ਬਾਜ਼ਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਗ੍ਰੇਅ ਮਾਰਕੀਟ ਵਿੱਚ ਚਾਂਦੀ ਖਰੀਦਣਾ ਹੋਰ ਵੀ ਮਹਿੰਗਾ ਹੋ ਗਿਆ ਹੈ, ਜੋ ਇਹ ਦਰਸਾਉਂਦਾ ਹੈ ਕਿ ਘਰੇਲੂ ਬਾਜ਼ਾਰਾਂ ‘ਚ ਚਾਂਦੀ ਦੀ ਕਮੀ ਹੈ। ਨਿਵੇਸ਼ਕਾਂ ਵੱਲੋਂ ਵੱਧ ਰਹੀ ਖਰੀਦਦਾਰੀ ਨੇ ਸਪਲਾਈ ‘ਤੇ ਦਬਾਅ ਵਧਾ ਦਿੱਤਾ ਹੈ। ਕਈ ਵਪਾਰੀ ਦੱਸਦੇ ਹਨ ਕਿ ਮੌਜੂਦਾ ਹਾਲਾਤ 1980 ਦੇ ਪ੍ਰਸਿੱਧ ‘ਸਿਲਵਰ ਥਰਸਡੇਅ’ ਦੀ ਯਾਦ ਦਿਵਾ ਰਹੇ ਹਨ, ਜਦੋਂ ਚਾਂਦੀ ਦੇ ਭਾਅ 49.54 ਡਾਲਰ ਪ੍ਰਤੀ ਔਂਸ ਤੱਕ ਚੜ੍ਹ ਕੇ ਫਿਰ ਡਿੱਗ ਗਏ ਸਨ। 2011 ਵਿੱਚ ਵੀ ਚਾਂਦੀ ਨੇ 50 ਡਾਲਰ ਦਾ ਪੱਧਰ ਛੂਹਿਆ ਸੀ।
ਚਾਂਦੀ ਦੀ ਮੰਗ ਅਤੇ ਸਪਲਾਈ ਦਾ ਸੰਤੁਲਨ ਟੁੱਟਿਆ
ਐੱਮ.ਐੱਸ. ਅਨੰਤਰਾਏ ਐਂਡ ਸਨਜ਼ ਦੇ ਪੰਕਜ ਬਖਾਈ ਨੇ ਕਿਹਾ ਕਿ ਦਹਾਕਿਆਂ ਬਾਅਦ ਚਾਂਦੀ ਇੱਕ ਨਵੇਂ ਉੱਚੇ ਪੱਧਰ ‘ਤੇ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਖਾਨਾਂ ਤੋਂ ਉਤਪਾਦਨ ਘੱਟ ਹੋਣ ਨਾਲ ਨਾਲ ਉਦਯੋਗਕ ਮੰਗ ਵਿੱਚ ਵਾਧੇ ਨੇ ਚਾਂਦੀ ਦੀ ਕੀਮਤ ਨੂੰ ਤੇਜ਼ੀ ਨਾਲ ਚੁੱਕਿਆ ਹੈ। ਬਖਾਈ ਮੁਤਾਬਿਕ, ਜਿਵੇਂ 1980 ਦੇ ਦਹਾਕੇ ਵਿੱਚ ਨਾਗਪੁਰ ਸਮੇਤ ਹੋਰ ਬਾਜ਼ਾਰਾਂ ਨੇ ਇਸ ਦਾ ਅਸਰ ਮਹਿਸੂਸ ਕੀਤਾ ਸੀ, ਓਹੀ ਹਾਲਾਤ ਹੁਣ ਮੁੜ ਵੇਖਣ ਨੂੰ ਮਿਲ ਰਹੇ ਹਨ।