ਫਰੀਦਕੋਟ :- ਪਿੰਡ ਕਰੀਰ ਵਾਲੀ ‘ਚ ਅੱਜ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਗਲੀ ਵਿੱਚ ਸ੍ਰੀ ਗੁਟਕਾ ਸਾਹਿਬ ਦੇ ਅੰਗ ਖਿਲਰੇ ਹੋਏ ਮਿਲੇ। ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਘਰੇਲੂ ਕਲੇਸ਼ ਤੋਂ ਪੈਦਾ ਹੋਈ ਘਟਨਾ
ਐਸ.ਪੀ. ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਪਿੰਡ ਦੇ ਹੀ ਜਸਵਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕ ਰੱਖਿਆ ਸੀ, ਜਿਸ ਕਰਕੇ ਘਰ ‘ਚ ਅਕਸਰ ਕਲੇਸ਼ ਰਹਿੰਦਾ ਸੀ। ਦੋ ਦਿਨ ਪਹਿਲਾਂ ਇਸੀ ਤਕਰਾਰ ਦੇ ਚਲਦਿਆਂ ਉਸਨੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਆਪਣੇ ਪੁੱਤਰ ਬਲਕਾਰ ਸਿੰਘ ਰਾਹੀਂ ਨੇੜਲੀ ਦਰਗਾਹ ‘ਚ ਲੁਕਾ ਦਿੱਤੇ।
ਪਿੰਡ ਵਿੱਚ ਗੁੱਸੇ ਦੀ ਲਹਿਰ
ਸਵੇਰੇ ਹਵਾ ਨਾਲ ਉੱਡ ਕੇ ਜਦੋਂ ਇਹ ਅੰਗ ਗਲੀ ‘ਚ ਆ ਗਏ ਤਾਂ ਪਿੰਡ ‘ਚ ਸਹਿਮ ਅਤੇ ਰੋਸ ਦਾ ਮਾਹੌਲ ਬਣ ਗਿਆ। ਪੁਲਿਸ ਵੱਲੋਂ ਦੋਵੇਂ ਬਾਪ–ਪੁੱਤਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।
ਸਤਿਕਾਰ ਨਾਲ ਗੁਰਦੁਆਰਾ ਸਾਹਿਬ ਰੱਖੇ ਗਏ ਅੰਗ
ਪੁਲਿਸ ਅਨੁਸਾਰ, ਦੋਸ਼ੀਆਂ ਨੇ ਡਰਦੇ ਹੋਏ ਗੁਟਕਾ ਸਾਹਿਬ ਦੀ ਜਿਲਦ ਨੂੰ ਘਰ ਦੇ ਚੁੱਲੇ ਵਿੱਚ ਅਗਨ ਭੇਟ ਕਰ ਦਿੱਤਾ ਸੀ। ਮੌਕੇ ਤੋਂ ਮਿਲੇ ਅੰਗਾਂ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਕੇ ਗੁਰਦੁਆਰਾ ਸਾਹਿਬ ‘ਚ ਪੂਰੇ ਸਤਿਕਾਰ ਨਾਲ ਰਖਾਇਆ ਹੈ।