ਬਟਾਲਾ :- ਬੀਤੀ ਰਾਤ ਬਟਾਲਾ ਦੇ ਖਜੂਰੀ ਗੇਟ ਨੇੜੇ ਹੋਈ ਫਾਇਰਿੰਗ ਦੀ ਘਟਨਾ ਨਾਲ ਸ਼ਹਿਰ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ। ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਵਿਅਕਤੀ ਗੰਭੀਰ ਜ਼ਖਮੀ ਹੋਏ ਹਨ।
ਜਥੇਬੰਦੀਆਂ ਵੱਲੋਂ ਬਟਾਲਾ ਬੰਦ ਦੀ ਕਾਲ
ਘਟਨਾ ਤੋਂ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਅਤੇ ਕਈ ਜਥੇਬੰਦੀਆਂ ਨੇ ਅੱਜ ਬਟਾਲਾ ਬੰਦ ਦੀ ਕਾਲ ਦਿੱਤੀ। ਸਵੇਰ ਤੋਂ ਹੀ ਸ਼ਿਵ ਸੇਨਾ ਅਤੇ ਹੋਰ ਸੰਗਠਨਾਂ ਦੇ ਮੈਂਬਰ ਬਾਜ਼ਾਰਾਂ ਵਿੱਚ ਨਿਕਲੇ ਅਤੇ ਦੁਕਾਨਦਾਰਾਂ ਨੂੰ ਆਪਣਾ ਵਿਰੋਧ ਦਰਸਾਉਂਦੇ ਹੋਏ ਸ਼ਟਰ ਡਾਊਨ ਕਰਨ ਦੀ ਅਪੀਲ ਕੀਤੀ। ਸ਼ਹਿਰ ਦੇ ਵੱਡੇ ਹਿੱਸੇ ਵਿੱਚ ਦੁਕਾਨਾਂ ਬੰਦ ਰਹੀਆਂ ਅਤੇ ਸੜਕਾਂ ‘ਤੇ ਪੁਲਿਸ ਦੀ ਵੱਡੀ ਤੈਨਾਤੀ ਕੀਤੀ ਗਈ।
ਸ਼ਿਵ ਸੇਨਾ ਨੇ ਸਰਕਾਰ ’ਤੇ ਤਨਕਸੀਦ ਕੀਤੀ
ਸ਼ਿਵ ਸੇਨਾ ਦੇ ਆਗੂ ਰਮੇਸ਼ ਨਈਅਰ ਨੇ ਕਿਹਾ ਕਿ ਬਟਾਲਾ ਦੀ ਇਹ ਘਟਨਾ ਸੂਬੇ ਦੀ ਡਗਮਗਾਈ ਕਾਨੂੰਨ ਵਿਵਸਥਾ ਨੂੰ ਬੇਨਕਾਬ ਕਰਦੀ ਹੈ। ਉਨ੍ਹਾਂ ਕਿਹਾ ਕਿ ਅਪਰਾਧੀ ਵਾਰਦਾਤ ਨੂੰ ਅੰਜਾਮ ਦੇ ਕੇ ਆਰਾਮ ਨਾਲ ਫਰਾਰ ਹੋ ਜਾਂਦੇ ਹਨ, ਜਦਕਿ ਪੁਲਿਸ ਹਾਲੇ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।
ਲੋਕਾਂ ਵਿੱਚ ਡਰ ਦਾ ਮਾਹੌਲ
ਸ਼ਹਿਰ ਵਿੱਚ ਹੋਈ ਇਸ ਖ਼ੂਨੀ ਵਾਰਦਾਤ ਤੋਂ ਬਾਅਦ ਲੋਕਾਂ ਵਿੱਚ ਡਰ ਅਤੇ ਗੁੱਸਾ ਸਾਫ਼ ਨਜ਼ਰ ਆ ਰਿਹਾ ਹੈ। ਸਥਾਨਕ ਵਪਾਰੀਆਂ ਨੇ ਵੀ ਮੰਗ ਕੀਤੀ ਹੈ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਵੇ, ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ।