ਚੰਡੀਗੜ੍ਹ :- ਅੱਜ ਸਾਰੇ ਦੇਸ਼ ਸਮੇਤ ਪੰਜਾਬ ਭਰ ’ਚ ਕਰਵਾ ਚੌਥ ਦਾ ਤਿਉਹਾਰ ਸ਼ਰਧਾ, ਪਿਆਰ ਅਤੇ ਸਮਰਪਣ ਨਾਲ ਮਨਾਇਆ ਜਾ ਰਿਹਾ ਹੈ। ਵਿਆਹੁਤਾ ਔਰਤਾਂ ਇਸ ਦਿਨ ਆਪਣੇ ਪਤੀ ਦੀ ਲੰਬੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਕਰਦੀਆਂ ਹਨ। ਸਵੇਰੇ ਤੋਂ ਹੀ ਮਾਰਕੀਟਾਂ ਵਿੱਚ ਚੂੜੀਆਂ, ਬਿੰਦੀ, ਕੱਪੜੇ ਅਤੇ ਸ਼ਿੰਗਾਰ ਦਾ ਸਮਾਨ ਖਰੀਦਣ ਲਈ ਰੌਣਕ ਵੇਖਣ ਜੋਗ ਸੀ।
ਸੁਹਾਗਣਾਂ ਨੇ ਰੱਖਿਆ ਨਿਰਜਲਾ ਵਰਤ
ਹਿੰਦੂ ਪਰੰਪਰਾ ਅਨੁਸਾਰ, ਇਸ ਦਿਨ ਸੁਹਾਗਣ ਔਰਤਾਂ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਸ਼ਾਮ ਨੂੰ ਚੰਦ ਦੇ ਦਰਸ਼ਨ ਕਰਕੇ ਹੀ ਇਸ ਨੂੰ ਤੋੜਦੀਆਂ ਹਨ। ਘਰਾਂ ਵਿੱਚ ਸੱਜਾਵਟ ਤੇ ਤਿਆਰੀਆਂ ਦਾ ਖ਼ਾਸ ਮਾਹੌਲ ਹੈ। ਪਤੀ-ਪਤਨੀ ਦੇ ਪਿਆਰ ਦਾ ਇਹ ਤਿਉਹਾਰ ਉੱਤਰ ਭਾਰਤ ਦੇ ਸੂਬਿਆਂ — ਪੰਜਾਬ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਖ਼ਾਸ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਚੰਦਰ ਦਰਸ਼ਨ ਦਾ ਸਮਾਂ ਸ਼ਹਿਰ-ਸ਼ਹਿਰ ਅਨੁਸਾਰ ਵੱਖਰਾ
ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਮੌਸਮ ਸਾਫ਼ ਰਿਹਾ ਤਾਂ ਚੰਦਰਮਾ ਹਰ ਸ਼ਹਿਰ ਵਿੱਚ ਵੱਖ-ਵੱਖ ਸਮੇਂ ’ਤੇ ਦਿਖਾਈ ਦੇਵੇਗਾ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਚੰਦ 8.09 ਵਜੇ, ਅੰਮ੍ਰਿਤਸਰ 8.15 ਵਜੇ, ਚੰਡੀਗੜ੍ਹ ਤੇ ਪੰਚਕੂਲਾ 8.10 ਵਜੇ, ਪਟਿਆਲਾ 8.13 ਵਜੇ, ਫਿਰੋਜ਼ਪੁਰ 8.18 ਵਜੇ, ਬਠਿੰਡਾ 8.19 ਵਜੇ, ਮੁਕਤਸਰ 8.20 ਵਜੇ, ਫਾਜ਼ਿਲਕਾ 8.22ਵਜੇ ਅਤੇ ਲੁਧਿਆਣਾ 8.11 ਵਜੇ ਤਕ ਨਜ਼ਰ ਆ ਸਕਦਾ ਹੈ।
ਦਿੱਲੀ ਤੇ ਰਾਜਸਥਾਨ ’ਚ ਚੰਦ ਦੇ ਦਰਸ਼ਨ ਕੁਝ ਦੇਰ ਨਾਲ
ਉਨ੍ਹਾਂ ਅਨੁਸਾਰ, ਦਿੱਲੀ ਵਿੱਚ ਚੰਦ ਦੇ ਦਰਸ਼ਨ ਲਗਭਗ 8.14 ਵਜੇ ਹੋਣਗੇ, ਜਦਕਿ ਜੈਪੁਰ ਤੇ ਅਲਵਰ ’ਚ ਇਹ ਸਮਾਂ 8.25 ਵਜੇ ਦੇ ਕਰੀਬ ਰਹੇਗਾ। ਉਦੈਪੁਰ ਵਿੱਚ ਚੰਦ 8.38 ਵਜੇ ਤਕ ਦਿਖਾਈ ਦੇ ਸਕਦਾ ਹੈ।
ਚੰਦ ਦੇ ਦਰਸ਼ਨ ਮਗਰੋਂ ਸ਼ੁਰੂ ਹੋਵੇਗੀ ਰਸਮਾਂ ਦੀ ਸ਼ੁਰੂਆਤ
ਜਿਵੇਂ ਹੀ ਚੰਦਰਮਾ ਦਿਖਾਈ ਦੇਵੇਗਾ, ਸੁਹਾਗਣ ਔਰਤਾਂ ਚੰਦ ਨੂੰ ਅਰਘ ਦੇਣਗੀਆਂ, ਆਪਣੇ ਪਤੀ ਦਾ ਮੁੱਖ ਵੇਖਕੇ ਵਰਤ ਤੋੜਣਗੀਆਂ ਤੇ ਪਰੰਪਰਿਕ ਰਸਮਾਂ ਅਦਾ ਕਰਨਗੀਆਂ। ਧਰਮ ਅਨੁਸਾਰ, ਇਹ ਦਿਨ ਪਿਆਰ, ਵਿਸ਼ਵਾਸ ਅਤੇ ਪਰਿਵਾਰਕ ਸੁਖ-ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।