ਚੰਡੀਗੜ੍ਹ :- ਪੰਜਾਬ ਸਰਕਾਰ ਨੇ ਉਦਯੋਗਿਕ ਵਿਕਾਸ ਨੂੰ ਨਵੀਂ ਰਫ਼ਤਾਰ ਦੇਣ ਲਈ ਇੱਕ ਵੱਡੇ ਪੱਧਰ ਦੀ ਬੁਨਿਆਦੀ ਢਾਂਚੇ ਸੰਬੰਧੀ ਮੁਹਿੰਮ ਦਾ ਆਗਾਜ਼ ਕੀਤਾ ਹੈ। ਇਹ ਯੋਜਨਾ ਸੂਬੇ ਦੇ ਮੁੱਖ ਉਦਯੋਗਿਕ ਖੇਤਰਾਂ ਨੂੰ ਅਧੁਨਿਕ ਸਹੂਲਤਾਂ ਨਾਲ ਸੰਵਾਰ ਕੇ ਨਵੇਂ ਨਿਵੇਸ਼ਕਾਰਾਂ ਨੂੰ ਆਕਰਸ਼ਿਤ ਕਰਨ ਅਤੇ ਮੌਜੂਦਾ ਕਾਰੋਬਾਰਾਂ ਨੂੰ ਸੁਵਿਧਾਜਨਕ ਮਾਹੌਲ ਦੇਣ ‘ਤੇ ਕੇਂਦ੍ਰਿਤ ਹੈ।
“ਹੁਣ ਸਿਰਫ਼ ਵਾਅਦੇ ਨਹੀਂ, ਅਮਲ ਸ਼ੁਰੂ” – ਸੰਜੀਵ ਅਰੋੜਾ
ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਇਹ ਯੋਜਨਾ ਸੂਬੇ ਦੀ ਉਦਯੋਗਿਕ ਤਸਵੀਰ ਬਦਲਣ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸਹਿਯੋਗ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਸਰਕਾਰ ਉਦਯੋਗਾਂ ਦੀਆਂ ਅਸਲ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਫ਼ੈਸਲੇ ਲੈ ਰਹੀ ਹੈ। “ਟੈਂਡਰ ਜਾਰੀ ਹੋ ਚੁੱਕੇ ਹਨ, ਹੁਣ ਕੰਮ ਮੈਦਾਨੀ ਪੱਧਰ ‘ਤੇ ਸ਼ੁਰੂ ਹੋਣ ਜਾ ਰਿਹਾ ਹੈ,” ਉਨ੍ਹਾਂ ਦੱਸਿਆ।
ਜ਼ਮੀਨੀ ਪੱਧਰ ‘ਤੇ ਵਿਸਤ੍ਰਿਤ ਯੋਜਨਾ ਬਣਾਈ
ਇਹ ਯੋਜਨਾ ਉਦਯੋਗਿਕ ਸੰਸਥਾਵਾਂ ਅਤੇ ਸਥਾਨਕ ਪ੍ਰਸ਼ਾਸਨ ਨਾਲ ਵੱਖ-ਵੱਖ ਮੀਟਿੰਗਾਂ ਤੋਂ ਬਾਅਦ ਤਿਆਰ ਕੀਤੀ ਗਈ। ਉਦਯੋਗਿਕ ਖੇਤਰਾਂ ਵਿੱਚ ਮੌਜੂਦਾ ਬੁਨਿਆਦੀ ਢਾਂਚੇ ਦੀ ਕਮੀ ਦੂਰ ਕਰਨ ਲਈ ਪੰਜਾਬ ਵਿਕਾਸ ਕਮਿਸ਼ਨ ਨੇ ਮੌਕਾ-ਜਾਅ ਕੇ ਰਿਪੋਰਟ ਤਿਆਰ ਕੀਤੀ, ਜਿਸ ਤੋਂ ਬਾਅਦ ਪੜਾਅਵਾਰ ਅਪਗ੍ਰੇਡ ਯੋਜਨਾ ‘ਤੇ ਕੰਮ ਸ਼ੁਰੂ ਕੀਤਾ ਗਿਆ।
26 ਉਦਯੋਗਿਕ ਫੋਕਲ ਪੁਆਇੰਟਾਂ ‘ਤੇ ਪਹਿਲੀ ਕਾਰਵਾਈ
ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐਸਆਈਈਸੀ) ਨੇ 26 ਮੁੱਖ ਉਦਯੋਗਿਕ ਫੋਕਲ ਪੁਆਇੰਟਾਂ ਨੂੰ ਸੁਧਾਰਨ ਲਈ 97.54 ਕਰੋੜ ਰੁਪਏ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਦੇ ਤਹਿਤ:
-
ਲੁਧਿਆਣਾ, ਮੋਹਾਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ 32.76 ਕਰੋੜ ਰੁਪਏ ਨਾਲ ਮਜ਼ਬੂਤ ਸੜਕਾਂ ਅਤੇ ਸੰਕੇਤ ਚਿੰਨ੍ਹ ਲਗਾਏ ਜਾਣਗੇ।
-
27.61 ਕਰੋੜ ਰੁਪਏ ਸੀਵਰੇਜ ਪ੍ਰਣਾਲੀ ਅਤੇ ਐਸਟੀਪੀ ਲਈ ਖਰਚੇ ਜਾਣਗੇ।
-
ਜਲ ਸਪਲਾਈ ਨੈੱਟਵਰਕ ਨੂੰ ਮਜ਼ਬੂਤ ਬਣਾਇਆ ਜਾਵੇਗਾ।
-
ਸਟ੍ਰੀਟ ਲਾਈਟਿੰਗ ਅਤੇ ਹੋਰ ਨਾਗਰਿਕ ਸਹੂਲਤਾਂ ਵੀ ਸੁਧਾਰੀ ਜਾਣਗੀਆਂ।
-
ਸਥਾਨਕ ਸਰਕਾਰਾਂ ਵੱਲੋਂ ਹੋਰ 134.44 ਕਰੋੜ ਦੇ ਪ੍ਰੋਜੈਕਟ
ਸਥਾਨਕ ਸਰਕਾਰਾਂ ਵਿਭਾਗ ਵੱਲੋਂ 134.44 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਅਤੇ ਖੰਨਾ ਦੇ 26 ਫੋਕਲ ਪੁਆਇੰਟਾਂ ਅਤੇ 7 ਉਦਯੋਗਿਕ ਜ਼ੋਨਾਂ ਨੂੰ ਨਵੀਂ ਸ਼ਕਲ ਦਿੱਤੀ ਜਾਵੇਗੀ। ਇਸ ਵਿਚ ਵਿਸ਼ਵ ਪੱਧਰੀ ਸੜਕਾਂ ਅਤੇ ਫੁੱਟਪਾਥ, ਹਰਾ-ਭਰਾ ਵਾਤਾਵਰਣ, ਸੁਧਰੀ ਸੀਵਰੇਜ ਪ੍ਰਣਾਲੀ, ਪਾਣੀ ਦੀ ਬਿਹਤਰ ਸਪਲਾਈ, ਆਧੁਨਿਕ ਲਾਈਟਿੰਗ, ਸੀਸੀਟੀਵੀ ਸੁਰੱਖਿਆ, ਜਿਮ ਅਤੇ ਕਮਿਊਨਿਟੀ ਸੈਂਟਰ ਵਰਗੀਆਂ ਸਹੂਲਤਾਂ ਸ਼ਾਮਲ ਹਨ।
2026 ਤੱਕ ਵੱਡੇ ਬਦਲਾਅ ਦਾ ਟੀਚਾ
ਅਰੋੜਾ ਨੇ ਦੱਸਿਆ ਕਿ ਸਰਕਾਰ ਨੇ ਮਾਰਚ 2026 ਤੱਕ ਉਦਯੋਗਿਕ ਖੇਤਰਾਂ ਦੀ ਨੁਹਾਰ ਪੂਰੀ ਤਰ੍ਹਾਂ ਬਦਲਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ, “ਸਾਡਾ ਉਦੇਸ਼ ਉਦਯੋਗਾਂ ਲਈ ਸੁਵਿਧਾਜਨਕ ਮਾਹੌਲ ਬਣਾਉਣਾ, ਲੌਜਿਸਟਿਕ ਖਰਚੇ ਘਟਾਉਣਾ ਅਤੇ ਦੁਨੀਆ ਨੂੰ ਇਹ ਸੰਦੇਸ਼ ਦੇਣਾ ਹੈ ਕਿ ਪੰਜਾਬ ਕਾਰੋਬਾਰ ਲਈ ਤਿਆਰ ਹੈ।”