ਭਾਰਤ ਅਤੇ ਬ੍ਰਿਟੇਨ ਵਿਚਕਾਰ ਰਣਨੀਤਕ ਅਤੇ ਆਰਥਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਆਪਣੀ ਪਹਿਲੀ ਅਧਿਕਾਰਤ ਯਾਤਰਾ ’ਤੇ ਬੁੱਧਵਾਰ ਨੂੰ ਭਾਰਤ ਪਹੁੰਚੇ। ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਮਹਾਰਾਸ਼ਟਰ ਦੇ ਰਾਜਪਾਲ ਆਚਾਰਿਆ ਦੇਵਵਰਤ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ, ਅਜੀਤ ਪਵਾਰ ਅਤੇ ਦੇਵੇਂਦਰ ਫੜਨਵੀਸ ਵੱਲੋਂ ਕੀਤਾ ਗਿਆ।
ਰਣਨੀਤਕ ਸਾਂਝੇਦਾਰੀ ’ਤੇ ਉੱਚ ਪੱਧਰੀ ਮੀਟਿੰਗ
ਬੁੱਧਵਾਰ, 9 ਅਕਤੂਬਰ ਨੂੰ ਮੁੰਬਈ ਵਿੱਚ PM ਨਰਿੰਦਰ ਮੋਦੀ ਅਤੇ PM ਸਟਾਰਮਰ ਇੱਕ ਉੱਚ ਪੱਧਰੀ ਮੀਟਿੰਗ ਕਰਣਗੇ। ਇਸ ਦੌਰਾਨ ਦੋਵੇਂ ਨੇਤਾ ‘ਵਿਜ਼ਨ 2035’ ਰੋਡਮੈਪ ਤਹਿਤ ਭਾਰਤ-ਯੂਕੇ ਵਿਆਪਕ ਰਣਨੀਤਕ ਸਾਂਝੇਦਾਰੀ ਵਿੱਚ ਹੋ ਰਹੀ ਤਰੱਕੀ ਦੀ ਸਮੀਖਿਆ ਕਰਨਗੇ। ਚਰਚਾ ਵਿੱਚ ਵਪਾਰ, ਨਿਵੇਸ਼, ਤਕਨਾਲੋਜੀ, ਰੱਖਿਆ, ਸੁਰੱਖਿਆ ਅਤੇ ਜਲਵਾਯੂ ਵਰਗੇ ਮੁੱਖ ਮੁੱਦੇ ਸ਼ਾਮਲ ਹੋਣਗੇ।
ਆਰਥਿਕ ਸਬੰਧਾਂ ਨੂੰ ਨਵੀਂ ਰਫ਼ਤਾਰ
ਯਾਤਰਾ ਦੌਰਾਨ ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ (CETA) ਮੁੱਖ ਕੇਂਦਰ ਰਹੇਗਾ। ਦੋਵੇਂ ਪ੍ਰਧਾਨ ਮੰਤਰੀ ਉਦਯੋਗਪਤੀਆਂ ਨਾਲ CETA ਰਾਹੀਂ 2030 ਤੱਕ ਦੁਵੱਲੇ ਵਪਾਰ ਨੂੰ $112 ਬਿਲੀਅਨ ਤੱਕ ਦੋਗੁਣਾ ਕਰਨ ਦੇ ਟੀਚੇ ’ਤੇ ਚਰਚਾ ਕਰਨਗੇ।
125 ਬ੍ਰਿਟਿਸ਼ ਕੰਪਨੀਆਂ ਦਾ ਵਫ਼ਦ
PM ਸਟਾਰਮਰ ਨਾਲ 125 ਤੋਂ ਵੱਧ ਬ੍ਰਿਟਿਸ਼ ਕੰਪਨੀਆਂ ਦਾ ਵਪਾਰਕ ਵਫ਼ਦ ਵੀ ਭਾਰਤ ਆਇਆ ਹੈ, ਜੋ ਨਿਵੇਸ਼ ਅਤੇ ਵਪਾਰਕ ਮੌਕਿਆਂ ਦੀ ਖੋਜ ਕਰੇਗਾ।
ਗਲੋਬਲ ਫਿਨਟੈਕ ਫੈਸਟ ਵਿੱਚ ਭਾਗੀਦਾਰੀ
ਦੋਵੇਂ ਪ੍ਰਧਾਨ ਮੰਤਰੀ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਹੋ ਰਹੇ 6ਵੇਂ ਗਲੋਬਲ ਫਿਨਟੈਕ ਫੈਸਟ ਵਿੱਚ ਸ਼ਾਮਲ ਹੋਣਗੇ ਅਤੇ ਮੁੱਖ ਭਾਸ਼ਣ ਦੇਣ ਦੇ ਨਾਲ ਉਦਯੋਗ ਮਾਹਿਰਾਂ ਅਤੇ ਨੀਤੀ ਨਿਰਮਾਤਾਵਾਂ ਨਾਲ ਵੀ ਗੱਲਬਾਤ ਕਰਨਗੇ।
ਯਾਤਰਾ ਦੀ ਮਹੱਤਤਾ
ਇਹ ਦੌਰਾ PM ਮੋਦੀ ਦੀ ਜੁਲਾਈ ਮਹੀਨੇ ਹੋਈ ਬ੍ਰਿਟੇਨ ਯਾਤਰਾ ਤੋਂ ਬਾਅਦ ਹੋ ਰਿਹਾ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਵੱਧ ਰਹੀ ਨੇੜਤਾ ਨੂੰ ਦਰਸਾਉਂਦਾ ਹੈ। PM ਸਟਾਰਮਰ ਨੇ ਭਾਰਤ ਨੂੰ “ਵਿਲੱਖਣ ਮੌਕਿਆਂ ਦਾ ਦੇਸ਼” ਕਹਿੰਦੇ ਹੋਏ ਦੱਸਿਆ ਕਿ 2028 ਤੱਕ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ, ਜਿਸ ਨਾਲ ਬ੍ਰਿਟਿਸ਼ ਕਾਰੋਬਾਰਾਂ ਲਈ ਨਵੇਂ ਮੌਕੇ ਖੁੱਲ੍ਹਣਗੇ।
ਵੀਜ਼ਾ ਨੀਤੀ ’ਚ ਕੋਈ ਬਦਲਾਅ ਨਹੀਂ
PM ਸਟਾਰਮਰ ਨੇ ਸਾਫ ਕੀਤਾ ਕਿ ਬ੍ਰਿਟੇਨ ਦਾ ਧਿਆਨ ਵੀਜ਼ਾ ਨਿਯਮਾਂ ’ਚ ਢਿੱਲ ਦੇਣ ’ਤੇ ਨਹੀਂ, ਸਗੋਂ ਵਪਾਰ ਅਤੇ ਨਿਵੇਸ਼ ਵਧਾਉਣ ’ਤੇ ਕੇਂਦਰਿਤ ਹੈ। ਇਹ ਯਾਤਰਾ ਖੇਤਰੀ ਅਤੇ ਵਿਸ਼ਵ ਪੱਧਰੀ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰੇ ਲਈ ਇੱਕ ਮਹੱਤਵਪੂਰਨ ਮੰਚ ਮੁਹੱਈਆ ਕਰੇਗੀ।