ਹਰਿਆਣਾ :- ਹਰਿਆਣਾ ਕੈਡਰ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਨੇ ਮੰਗਲਵਾਰ ਨੂੰ ਚੰਡੀਗੜ੍ਹ ਦੇ ਸੈਕਟਰ–11 ’ਚ ਸਥਿਤ ਆਪਣੇ ਸਰਕਾਰੀ ਨਿਵਾਸ ਨੰਬਰ 116 ’ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਖ਼ਬਰ ਮਿਲਦੇ ਹੀ ਚੰਡੀਗੜ੍ਹ ਤੇ ਹਰਿਆਣਾ ਪੁਲਿਸ ਵਿਭਾਗ ’ਚ ਹੜਕੰਪ ਮਚ ਗਿਆ। ਉੱਚ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ।
ਪਤਨੀ ਸੀ ਵਿਦੇਸ਼ ਦੌਰੇ ’ਤੇ
ਘਟਨਾ ਦੇ ਸਮੇਂ ਵਾਈ. ਪੂਰਨ ਕੁਮਾਰ ਦੀ ਪਤਨੀ, ਜੋ ਆਈਏਐਸ ਅਧਿਕਾਰੀ ਹਨ, ਮੁੱਖ ਮੰਤਰੀ ਦੇ ਨਾਲ ਜਾਪਾਨ ਦੌਰੇ ’ਤੇ ਸੀ। ਇਹ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਤੇ ਵਿਭਾਗ ’ਚ ਸਨਾਟਾ ਛਾ ਗਿਆ।
ਵਿਵਾਦਾਂ ਨਾਲ ਰਿਹਾ ਲੰਬਾ ਨਾਤਾ
ਵਾਈ. ਪੂਰਨ ਕੁਮਾਰ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ਦਾ ਹਿੱਸਾ ਰਹੇ ਹਨ। ਉਹ ਤਰੱਕੀਆਂ ਵਿੱਚ ਗੜਬੜ, ਅਧਿਕਾਰੀਆਂ ਵੱਲੋਂ ਕਈ ਰਿਹਾਇਸ਼ਾਂ ’ਤੇ ਕਬਜ਼ੇ ਅਤੇ ਸਰਕਾਰੀ ਸਹੂਲਤਾਂ ਨੂੰ ਲੈ ਕੇ ਅਕਸਰ ਸੁਰਖੀਆਂ ’ਚ ਰਹੇ। ਉਨ੍ਹਾਂ ਨੇ ‘ਇੱਕ ਅਧਿਕਾਰੀ, ਇੱਕ ਰਿਹਾਇਸ਼’ ਨੀਤੀ ਲਾਗੂ ਕਰਨ ਦੀ ਮੰਗ ਵੀ ਕੀਤੀ ਸੀ।
ਤਰੱਕੀਆਂ ’ਤੇ ਚੁੱਕੇ ਸਨ ਸਵਾਲ
ਪਿਛਲੇ ਸਾਲ ਉਨ੍ਹਾਂ ਨੇ ਕੁਝ ਆਈਪੀਐਸ ਅਧਿਕਾਰੀਆਂ ਦੀ ਤਰੱਕੀ ਨੂੰ ਲੈ ਕੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਦਾ ਦੋਸ਼ ਸੀ ਕਿ 1991, 1996, 1997 ਤੇ 2005 ਬੈਚ ਦੇ ਕੁਝ ਅਧਿਕਾਰੀਆਂ ਨੂੰ ਗਲਤ ਤਰੀਕੇ ਨਾਲ ਤਰੱਕੀ ਦਿੱਤੀ ਗਈ, ਜਿਸ ’ਚ ਗ੍ਰਹਿ ਮੰਤਰਾਲੇ ਦੇ ਨਿਯਮਾਂ ਦੀ ਉਲੰਘਣਾ ਹੋਈ। ਉਨ੍ਹਾਂ ਨੇ ਤਨਖ਼ਾਹਾਂ ਦੀ ਦੁਬਾਰਾ ਗਿਣਤੀ ਤੇ ਬਕਾਏ ਦੇ ਭੁਗਤਾਨ ਦੀ ਵੀ ਮੰਗ ਕੀਤੀ ਸੀ।
ਸਾਬਕਾ ਡੀਜੀਪੀ ’ਤੇ ਲਗਾਏ ਸਨ ਦੋਸ਼
ਵਾਈ. ਪੂਰਨ ਕੁਮਾਰ ਨੇ ਸਾਬਕਾ ਡੀਜੀਪੀ ਮਨੋਜ ਯਾਦਵ ’ਤੇ ਦਬਾਅ ਬਣਾਉਣ ਅਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ। 2020 ਵਿੱਚ ਉਨ੍ਹਾਂ ਨੇ ਅੰਬਾਲਾ ਦੇ ਐਸਪੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਨੋਜ ਯਾਦਵ ਨੇ ਉਨ੍ਹਾਂ ਨੂੰ ਪੁਲਿਸ ਸਟੇਸ਼ਨ ਵਿੱਚ ਮੰਦਰ ਬਣਾਉਣ ਦੀ ਇਜਾਜ਼ਤ ਨੂੰ ਲੈ ਕੇ ਬੇਵਜ੍ਹਾ ਤੰਗ ਕੀਤਾ। ਇਸ ਮਾਮਲੇ ਵਿੱਚ ਉਨ੍ਹਾਂ ਨੇ ਐਸਸੀ/ਐਸਟੀ ਐਕਟ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਵੀ ਕੀਤੀ ਸੀ।
ਮਾਮਲੇ ਦੀ ਜਾਂਚ ਜਾਰੀ
ਫ਼ਿਲਹਾਲ ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਖੁਦਕੁਸ਼ੀ ਦੇ ਕਾਰਨਾਂ ਦੀ ਗਹਿਰਾਈ ਨਾਲ ਜਾਂਚ ਹੋਵੇਗੀ।