ਚੰਡੀਗੜ੍ਹ :- ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਹਾਲ ਹੀ ਸ਼ੁਰੂ ਕੀਤੀ ਗਈ ‘ਈਜ਼ੀ ਰਜਿਸਟਰੀ’ ਸੇਵਾ ਜਾਇਦਾਦ ਰਜਿਸਟ੍ਰੇਸ਼ਨ ਨੂੰ ਪਾਰਦਰਸ਼ੀ, ਭ੍ਰਿਸ਼ਟਾਚਾਰ-ਮੁਕਤ ਅਤੇ ਸੁਖਾਲਾ ਬਣਾ ਰਹੀ ਹੈ। ਇਸ ਪ੍ਰਣਾਲੀ ਤਹਿਤ ਦਸਤਾਵੇਜ਼ਾਂ ਦੀ ਆਨਲਾਈਨ ਜਾਂਚ ਹੁਣ 48 ਘੰਟਿਆਂ ਵਿੱਚ ਸਬ-ਰਜਿਸਟਰਾਰ ਵੱਲੋਂ ਕੀਤੀ ਜਾ ਰਹੀ ਹੈ, ਜਿਸ ਨਾਲ ਲੋਕਾਂ ਦੀ ਖੱਜਲ-ਖੁਆਰੀ ਘੱਟੀ ਹੈ।
‘ਪਹਿਲਾਂ ਆਓ, ਪਹਿਲਾਂ ਪਾਓ’ ਦਾ ਸਿਧਾਂਤ ਲਾਗੂ
ਮਾਲ ਮੰਤਰੀ ਨੇ ਦੱਸਿਆ ਕਿ ਹੁਣ ਰਜਿਸਟ੍ਰੇਸ਼ਨ ਲਈ ‘ਪਹਿਲਾਂ ਆਓ, ਪਹਿਲਾਂ ਪਾਓ’ ਦਾ ਨਿਯਮ ਲਾਗੂ ਹੈ, ਜਿਸ ਨਾਲ ਕਿਸੇ ਨਾਲ ਪੱਖਪਾਤ ਜਾਂ ਵੀ.ਆਈ.ਪੀ. ਕਲਚਰ ਦੀ ਗੁੰਜਾਇਸ਼ ਨਹੀਂ ਰਹਿ ਗਈ। ਲੋਕ ਆਪਣੇ ਜ਼ਿਲ੍ਹੇ ਦੇ ਕਿਸੇ ਵੀ ਸਬ-ਰਜਿਸਟਰਾਰ ਦਫ਼ਤਰ ’ਚ ਦਸਤਾਵੇਜ਼ ਰਜਿਸਟਰ ਕਰਵਾ ਸਕਦੇ ਹਨ।
ਵੱਟਸਐਪ ਅਪਡੇਟਸ ਤੇ ਸ਼ਿਕਾਇਤ ਲਈ ਸਿੱਧਾ ਲਿੰਕ
ਮੁੰਡੀਆਂ ਨੇ ਦੱਸਿਆ ਕਿ ਬਿਨੈਕਾਰਾਂ ਨੂੰ ਦਸਤਾਵੇਜ਼ਾਂ ਦੀ ਜਾਂਚ, ਭੁਗਤਾਨ ਅਤੇ ਅਪਾਇੰਟਮੈਂਟ ਦੇ ਹਰ ਪੜਾਅ ਦੀ ਜਾਣਕਾਰੀ ਹੁਣ ਵੱਟਸਐਪ ’ਤੇ ਮਿਲਦੀ ਹੈ। ਇਸ ਤੋਂ ਇਲਾਵਾ, ਜੇ ਕੋਈ ਰਿਸ਼ਵਤ ਮੰਗੇ ਤਾਂ ਉਸ ਦੀ ਸ਼ਿਕਾਇਤ ਲਈ ਪੋਰਟਲ ’ਤੇ ਸਿੱਧਾ ਆਨਲਾਈਨ ਲਿੰਕ ਦਿੱਤਾ ਗਿਆ ਹੈ, ਜਿਸ ਦਾ ਨਿਪਟਾਰਾ ਡਿਪਟੀ ਕਮਿਸ਼ਨਰ ਕਰਦੇ ਹਨ।
ਡੋਰਸਟੈਪ ਡਿਲੀਵਰੀ ਤੇ ਘੱਟ ਖਰਚੇ ਵਾਲੀ ਡੀਡ ਡਰਾਫਟਿੰਗ
ਉਨ੍ਹਾਂ ਕਿਹਾ ਕਿ ਲੋਕ ਹੁਣ ਪੋਰਟਲ ’ਤੇ ‘ਡਰਾਫਟ ਮਾਈ ਡੀਡ’ ਮਾਡਿਊਲ ਰਾਹੀਂ ਆਪਣੀ ਸੇਲ ਡੀਡ ਖ਼ੁਦ ਤਿਆਰ ਕਰ ਸਕਦੇ ਹਨ ਜਾਂ ਸਬ-ਰਜਿਸਟਰਾਰ ਦਫ਼ਤਰਾਂ ’ਚ 550 ਰੁਪਏ ਦੇ ਨਿਰਧਾਰਤ ਰੇਟ ’ਤੇ ਵਕੀਲ ਅਤੇ ਸੇਵਾ-ਮੁਕਤ ਪਟਵਾਰੀ ਦੀ ਮਦਦ ਨਾਲ ਡੀਡ ਬਣਵਾ ਸਕਦੇ ਹਨ। ਹੈਲਪਲਾਈਨ 1076 ਰਾਹੀਂ ਡੋਰਸਟੈਪ ਡਿਲੀਵਰੀ ਦੀ ਸਹੂਲਤ ਵੀ ਉਪਲਬਧ ਹੈ।
25 ਬੈਂਕਾਂ ਰਾਹੀਂ ਇੱਕੋ ਵਾਰ ਆਨਲਾਈਨ ਭੁਗਤਾਨ
ਮਾਲ ਮੰਤਰੀ ਨੇ ਦੱਸਿਆ ਕਿ ਹੁਣ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਸਮੇਤ ਸਾਰੇ ਭੁਗਤਾਨ 25 ਬੈਂਕਾਂ ਰਾਹੀਂ ਇੱਕੋ ਵਾਰ ਆਨਲਾਈਨ ਕੀਤੇ ਜਾ ਸਕਦੇ ਹਨ, ਜਦਕਿ ਪਹਿਲਾਂ ਇਹ ਸਹੂਲਤ ਸਿਰਫ਼ ਪੰਜ ਬੈਂਕਾਂ ਤੱਕ ਸੀਮਿਤ ਸੀ।
ਏਕੀਕ੍ਰਿਤ ਟੋਕਨ ਸਿਸਟਮ ਨਾਲ ਨਹੀਂ ਹੋਵੇਗੀ ਦੇਰੀ
ਉਨ੍ਹਾਂ ਕਿਹਾ ਕਿ ਏਕੀਕ੍ਰਿਤ ਟੋਕਨ ਪ੍ਰਣਾਲੀ ਨਾਲ ਹੁਣ ਉਹੀ ਲੋਕ ਤਰਜੀਹ ਪਾਉਣਗੇ ਜਿਨ੍ਹਾਂ ਨੇ ਸਮਾਂ ਲੈ ਕੇ ਮੁਕੰਮਲ ਦਸਤਾਵੇਜ਼ ਪੇਸ਼ ਕੀਤੇ ਹਨ। ਨਵੇਂ ਸਰਵਰਾਂ, ਤਜਰਬੇਕਾਰ ਸਟਾਫ਼ ਅਤੇ ਇਕਸਾਰ ਪ੍ਰਕਿਰਿਆਵਾਂ ਨਾਲ ਸਿਸਟਮ ਹੁਣ ਸ਼ਹਿਰਾਂ ਤੇ ਪਿੰਡਾਂ ਦੋਵਾਂ ਲਈ ਤੇਜ਼ ਤੇ ਸੁਚਾਰੂ ਬਣਾਇਆ ਗਿਆ ਹੈ।