ਚੰਡੀਗੜ੍ਹ :- ਮੱਧ ਪ੍ਰਦੇਸ਼ ਵਿੱਚ ਕੋਲਡਰਿਫ ਸਿਰਪ ਕਾਰਨ 10 ਬੱਚਿਆਂ ਦੀ ਮੌਤ ਹੋਣ ਤੋਂ ਬਾਅਦ, ਪੰਜਾਬ ਸਰਕਾਰ ਨੇ ਇਸ ਦਵਾਈ ਦੀ ਵਿਕਰੀ, ਵੰਡ ਅਤੇ ਵਰਤੋਂ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਸਿਹਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਸਾਰੇ ਪ੍ਰਚੂਨ ਵਿਕਰੇਤਾ, ਡਾਕਟਰ, ਹਸਪਤਾਲ ਅਤੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਇਸ ਸਿਰਪ ਨੂੰ ਖਰੀਦਣ, ਵੇਚਣ ਜਾਂ ਵਰਤਣ ਦੀ ਆਗਿਆ ਨਹੀਂ ਦੇਣਗੇ। ਜੇਕਰ ਕਿਤੇ ਵੀ ਸਟਾਕ ਪਾਇਆ ਗਿਆ ਤਾਂ ਇਸ ਦੀ ਜਾਣਕਾਰੀ Punjab Food & Drug Administration ਨੂੰ ਭੇਜਨੀ ਹੋਵੇਗੀ।
ਖ਼ਰਾਬ ਗੁਣਵੱਤਾ ਵਾਲੀ ਦਵਾਈ ਦਾ ਖੁਲਾਸਾ
ਹੁਕਮ ਵਿੱਚ ਦੱਸਿਆ ਗਿਆ ਹੈ ਕਿ ਮੱਧ ਪ੍ਰਦੇਸ਼ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਡਰੱਗ ਟੈਸਟਿੰਗ ਲੈਬਾਰਟਰੀ ਨੇ 4 ਅਕਤੂਬਰ, 2025 ਨੂੰ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਵਿੱਚ ਕੋਲਡਰਿਫ ਸਿਰਪ (SR-13) ਦੀ ਮਾੜੀ ਗੁਣਵੱਤਾ ਦਾ ਖੁਲਾਸਾ ਹੋਇਆ। ਦਵਾਈ ਵਿੱਚ ਡਾਇਥਾਈਲੀਨ ਗਲਾਈਕੋਲ (46.28% w/v) ਮਿਲਾਇਆ ਗਿਆ ਸੀ, ਜੋ ਕਿ ਇੱਕ ਜ਼ਹਿਰੀਲਾ ਰਸਾਇਣ ਹੈ ਅਤੇ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਉਤਪਾਦ ਅਤੇ ਬੈਚ ਵੇਰਵਾ
ਕੋਲਡਰਿਫ ਸਿਰਪ ਬੈਚ ਨੰਬਰ SR-13, ਸ਼੍ਰੀਸਨ ਫਾਰਮਾਸਿਊਟੀਕਲਜ਼, ਕਾਂਚੀਪੁਰਮ, ਤਾਮਿਲਨਾਡੂ ਵੱਲੋਂ ਮਈ 2025 ਵਿੱਚ ਤਿਆਰ ਕੀਤਾ ਗਿਆ ਸੀ। ਇਸ ਦੀ ਮਿਆਦ ਅਪ੍ਰੈਲ 2027 ਤੱਕ ਹੈ। ਸਿਰਪ ਨੂੰ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਬੱਚਿਆਂ ਦੀ ਮੌਤ ਨਾਲ ਜੋੜਿਆ ਗਿਆ।
ਸਾਰੇ ਮੈਡੀਕਲ ਸਟੋਰ, ਡਾਕਟਰ ਅਤੇ ਹਸਪਤਾਲ ਨੂੰ ਹਦਾਇਤ
ਪੰਜਾਬ ਸਰਕਾਰ ਨੇ ਸਾਰੇ ਮੈਡੀਕਲ ਸਟੋਰ, ਡਾਕਟਰ ਅਤੇ ਹਸਪਤਾਲਾਂ ਨੂੰ ਚੇਤਾਇਆ ਹੈ ਕਿ ਇਹ ਸਿਰਪ ਵੇਚਣ, ਖਰੀਦਣ ਜਾਂ ਵਰਤਣ ਦੀ ਕੋਸ਼ਿਸ਼ ਨਾ ਕਰਨ। ਜੇਕਰ ਇਹ ਸਿਰਪ ਕਿਸੇ ਵੀ ਸਟੋਰ ਜਾਂ ਹਸਪਤਾਲ ਵਿੱਚ ਉਪਲਬਧ ਹੈ, ਤਾਂ drugscontrol.fda@punjals.gov.in ਤੇ ਈਮੇਲ ਕਰਕੇ ਤੁਰੰਤ ਰਿਪੋਰਟ ਕੀਤੀ ਜਾਵੇ।