ਅੰਮ੍ਰਿਤਸਰ :- ਅਜੀਤ ਨਗਰ ਵਿੱਚ ਕਾਂਗਰਸ ਨੇਤਾ ਨਵਜੋਤ ਕੌਰ ਸਿੱਧੂ ਨੇ ਚੋਣ ਪ੍ਰਣਾਲੀ ‘ਤੇ ਸਿੱਧਾ ਹਮਲਾ ਬੋਲਦਿਆਂ ਵੱਡੇ ਖੁਲਾਸੇ ਕੀਤੇ। ਸਿੱਧੂ ਆਪਣੇ ਸਾਥੀ ਸਾਬਕਾ ਕੌਂਸਲਰ ਸ਼ਲਿੰਦਰ ਸਿੰਘ ਸ਼ੈਲੀ ਦੇ ਘਰ ਪਹੁੰਚ ਕੇ “ਵੋਟ ਚੋਰ ਗੱਦੀ ਛੋੜ” ਲਿਖੇ ਪੋਸਟਰ ਨਾਲ ਗੁੱਸੇ ਦਾ ਪ੍ਰਗਟਾਵਾ ਕਰਦੀਆਂ ਦਿੱਖਾਈ ਦਿੱਤੀਆਂ।
“ਜਿੱਤ ਨੂੰ ਹਾਰ ਵਿੱਚ ਬਦਲਿਆ ਗਿਆ” – ਨਵਜੋਤ ਕੌਰ ਸਿੱਧੂ
ਸਿੱਧੂ ਨੇ ਕਿਹਾ ਕਿ ਚੋਣ ਦੌਰਾਨ ਹੋਈ ਗੜਬੜੀ ਨੇ ਲੋਕਤੰਤਰ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਦਾ ਦਾਅਵਾ ਸੀ ਕਿ ਸ਼ਲਿੰਦਰ ਸਿੰਘ ਸ਼ੈਲੀ ਹਕੀਕਤ ‘ਚ ਜਿੱਤੇ ਸਨ, ਪਰ ਨਤੀਜਿਆਂ ਵਿੱਚ ਉਨ੍ਹਾਂ ਨੂੰ ਹਾਰਿਆ ਦਰਸਾ ਦਿੱਤਾ ਗਿਆ। ਸਿੱਧੂ ਦੇ ਮੁਤਾਬਕ, ਮਰੇ ਹੋਏ ਅਤੇ ਵਿਦੇਸ਼ ਵਿੱਚ ਰਹਿੰਦੇ ਲੋਕਾਂ ਦੇ ਨਾਂ ‘ਤੇ ਵੋਟਾਂ ਪਾਈਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਨੌਂ ਮਹੀਨੇ ਪਹਿਲਾਂ ਸ਼ਿਕਾਇਤ ਕੀਤੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਹੋਈ।
“ਰਾਹੁਲ ਗਾਂਧੀ ਨੇ ਸੁਣੀ ਗੱਲ, ਪਰ ਸਿਸਟਮ ਚੁੱਪ”
ਸਿੱਧੂ ਨੇ ਦੱਸਿਆ ਕਿ ਇਸ ਮੁੱਦੇ ‘ਤੇ ਰਾਹੁਲ ਗਾਂਧੀ ਤੱਕ ਵੀ ਸ਼ਿਕਾਇਤ ਪਹੁੰਚੀ ਸੀ, ਪਰ ਸਥਾਨਕ ਚੋਣ ਕਮਿਸ਼ਨ ਅਤੇ ਪ੍ਰਸ਼ਾਸਨ ਵੱਲੋਂ ਕੋਈ ਸੰਤੋਸ਼ਜਨਕ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਐਲਾਨ ਕੀਤਾ ਕਿ ਹੁਣ ਉਹ ਮੁੜ ਵਾਰਡ ਦੀ ਰਾਜਨੀਤੀ ਵਿੱਚ ਸਰਗਰਮ ਹੋਣਗੇ ਅਤੇ ਲੋਕਾਂ ਦੀ ਆਵਾਜ਼ ਬਣਨਗੀਆਂ।
“ਦੋ ਵੋਟਾਂ ਨਾਲ ਹਾਰ ਦਿਖਾਈ ਗਈ” – ਸ਼ਲਿੰਦਰ ਸਿੰਘ ਸ਼ੈਲੀ
ਸਾਬਕਾ ਕੌਂਸਲਰ ਸ਼ਲਿੰਦਰ ਸਿੰਘ ਸ਼ੈਲੀ ਨੇ ਵੀ ਚੋਣ ਨਤੀਜਿਆਂ ਨੂੰ ਲੈ ਕੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਨੇ ਕਿਹਾ ਕਿ ਉਹ ਹਕੀਕਤ ਵਿੱਚ ਜਿੱਤੇ ਹੋਏ ਸਨ, ਪਰ ਦੋ ਵੋਟਾਂ ਦੇ ਫਰਕ ਨਾਲ ਹਾਰਿਆ ਹੋਇਆ ਘੋਸ਼ਿਤ ਕਰ ਦਿੱਤਾ ਗਿਆ। ਸ਼ੈਲੀ ਨੇ ਦੋਸ਼ ਲਗਾਇਆ ਕਿ ਬੂਥਾਂ ‘ਤੇ ਉਨ੍ਹਾਂ ਦੇ ਸਮਰਥਕਾਂ ਨੂੰ ਧਮਕਾਇਆ ਗਿਆ ਅਤੇ ਕਈ ਮਰੇ ਹੋਏ ਤੇ ਵਿਦੇਸ਼-ਵਸੀਆਂ ਦੇ ਨਾਂ ‘ਤੇ ਵੋਟਾਂ ਪਾਈਆਂ ਗਈਆਂ।
ਉਨ੍ਹਾਂ ਨੇ ਇਸ ਦੇ ਸਬੂਤ ਵਜੋਂ ਸ਼ੱਕੀ ਵੋਟਰਾਂ ਦੀ ਸੂਚੀ ਵੀ ਮੀਡੀਆ ਸਾਹਮਣੇ ਰੱਖੀ।
“ਧੋਖਾਧੜੀ ਖ਼ਿਲਾਫ਼ ਲੜਾਈ ਜਾਰੀ ਰਹੇਗੀ” – ਨਵਜੋਤ ਕੌਰ ਸਿੱਧੂ
ਨਵਜੋਤ ਕੌਰ ਸਿੱਧੂ ਨੇ ਚੇਤਾਵਨੀ ਦਿੱਤੀ ਕਿ ਉਹ ਚੋਣ ਧੋਖਾਧੜੀ ਅਤੇ ਧੱਕੇਸ਼ਾਹੀ ਦੇ ਖਿਲਾਫ ਆਪਣੀ ਲੜਾਈ ਜਾਰੀ ਰੱਖਣਗੀਆਂ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਇੱਕ ਵਾਰਡ ਲਈ ਨਹੀਂ, ਸਗੋਂ ਲੋਕਤੰਤਰ ਦੀ ਸੱਚਾਈ ਸਾਹਮਣੇ ਲਿਆਉਣ ਲਈ ਹੈ।