ਮੱਧ ਪ੍ਰਦੇਸ਼ :- ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਜ਼ਹਿਰੀਲਾ ਖੰਘ ਦਾ ਸ਼ਰਬਤ ਪੀਣ ਕਾਰਨ 11 ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਹੈ। ਛਿੰਦਵਾੜਾ ਪੁਲਿਸ ਨੇ ਸ਼ਨੀਵਾਰ ਦੇਰ ਰਾਤ ਡਾਕਟਰ ਪ੍ਰਵੀਨ ਸੋਨੀ ਨੂੰ ਗ੍ਰਿਫ਼ਤਾਰ ਕਰ ਲਿਆ। ਡਾਕਟਰ ’ਤੇ ਆਰੋਪ ਹੈ ਕਿ ਉਸਨੇ ਬੱਚਿਆਂ ਨੂੰ ਜ਼ਹਿਰੀਲਾ ਕੋਲਡਰਿਫ ਸ਼ਰਬਤ ਤਜਵੀਜ਼ ਕੀਤਾ ਸੀ। ਇਸ ਮਾਮਲੇ ਵਿੱਚ ਡਾਕਟਰ ਸੋਨੀ ਅਤੇ ਸ਼੍ਰੀਸਨ ਕੰਪਨੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ।
ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ
ਮੱਧ ਪ੍ਰਦੇਸ਼ ਸਰਕਾਰ ਵੱਲੋਂ ਜਾਰੀ ਰਿਪੋਰਟ ਨੇ ਕਈ ਚੌਕਾਉਂਦੇ ਤੱਥ ਸਾਹਮਣੇ ਲਿਆਂਦੇ ਹਨ। ਰਿਪੋਰਟ ਮੁਤਾਬਕ, ਬੱਚਿਆਂ ਦੀ ਮੌਤ ਲਾਪਰਵਾਹੀ ਕਾਰਨ ਹੋਈ ਅਤੇ ਉਨ੍ਹਾਂ ਨੂੰ ਦਿੱਤੇ ਗਏ ਸ਼ਰਬਤ ਵਿੱਚ 46.2 ਫੀਸਦੀ ਡਾਇਥਾਈਲੀਨ ਗਲਾਈਕੋਲ ਪਾਇਆ ਗਿਆ। ਇਹ ਰਸਾਇਣਕ ਤੱਤ ਉੱਚ ਮਾਤਰਾ ਵਿੱਚ ਹੋਣ ਕਾਰਨ ਬੱਚਿਆਂ ਦੀ ਮੌਤ ਦਾ ਮੁੱਖ ਕਾਰਨ ਹੋ ਸਕਦਾ ਹੈ।
ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਕਿ ਸਰਕਾਰੀ ਡਾਕਟਰਾਂ ਨੇ ਨਿੱਜੀ ਕਲੀਨਿਕਾਂ ਨੂੰ ਵੀ ਇਹ ਸ਼ਰਬਤ ਦਿੱਤਾ ਅਤੇ ਨਾਗਪੁਰ ਤੋਂ ਬਾਇਓਪਸੀ ਰਿਪੋਰਟ ਆਉਣ ਤੋਂ ਬਾਅਦ ਵੀ ਇਸਦੀ ਤਜਵੀਜ਼ ਜਾਰੀ ਰੱਖੀ।
ਛੇ ਬੱਚਿਆਂ ਦੀ ਮੌਤ ਤੋਂ ਬਾਅਦ ਜਾਗਿਆ ਪ੍ਰਸ਼ਾਸਨ
ਯਾਦ ਰਹੇ ਕਿ ਛਿੰਦਵਾੜਾ ਪ੍ਰਸ਼ਾਸਨ ਉਸ ਵੇਲੇ ਹੀ ਹਰਕਤ ਵਿੱਚ ਆਇਆ ਜਦੋਂ ਛੇ ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਪੰਜ ਦਿਨਾਂ ਦੀ ਜਾਂਚ ਤੋਂ ਬਾਅਦ ਰਿਪੋਰਟ ਸਾਹਮਣੇ ਆਈ ਹੈ। ਮੱਧ ਪ੍ਰਦੇਸ਼ ਵਿੱਚ ਪਾਬੰਦੀ ਲਗਾਉਣ ਤੋਂ ਪਹਿਲਾਂ ਹੀ ਇਹ ਸ਼ਰਬਤ ਰਾਜਸਥਾਨ ਅਤੇ ਤਾਮਿਲਨਾਡੂ ਵਿੱਚ ਬੈਨ ਕੀਤਾ ਜਾ ਚੁੱਕਾ ਸੀ।
ਮੁੱਖ ਮੰਤਰੀ ਦਾ ਐਲਾਨ: ਸ਼ਰਬਤ ’ਤੇ ਪਾਬੰਦੀ ਅਤੇ ਛਾਪੇਮਾਰੀ ਦੇ ਆਦੇਸ਼
ਬੱਚਿਆਂ ਦੀ ਮੌਤ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਵੀ ਹਰਕਤ ਵਿੱਚ ਆਈ। ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਰਾਜ ਭਰ ਵਿੱਚ ਕੋਲਡਰਿਫ ਸ਼ਰਬਤ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਛਾਪੇਮਾਰੀ ਕਰਕੇ ਮਿਆਰਾਂ ’ਤੇ ਖਰੇ ਨਾ ਉਤਰਣ ਵਾਲੀਆਂ ਦਵਾਈਆਂ ਨੂੰ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ “ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।” ਉਨ੍ਹਾਂ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਅਤੇ ਬਿਮਾਰ ਬੱਚਿਆਂ ਦੇ ਮੁਫ਼ਤ ਇਲਾਜ ਦਾ ਐਲਾਨ ਵੀ ਕੀਤਾ।
ਮ੍ਰਿਤਕ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ
ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ ਕਿ ਕੋਲਡਰਿਫ ਸ਼ਰਬਤ ਕਾਰਨ ਛਿੰਦਵਾੜਾ ਦੇ 11 ਬੱਚਿਆਂ ਦੀ ਮੌਤ ਬਹੁਤ ਦੁਖਦਾਈ ਹੈ। ਰਾਜ ਭਰ ਵਿੱਚ ਕੋਲਡਰਿਫ ਸ਼ਰਬਤ ਨੂੰ ਜ਼ਬਤ ਕਰਨ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਘੋਸ਼ਣਾ ਕੀਤੀ ਕਿ ਮਰਨ ਵਾਲੇ ਬੱਚਿਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਜਦੋਂ ਕਿ ਬਿਮਾਰ ਬੱਚਿਆਂ ਦੇ ਇਲਾਜ ਦਾ ਸਾਰਾ ਖਰਚਾ ਰਾਜ ਸਰਕਾਰ ਚੁੱਕੇਗੀ।